ਜ਼ਿਲਾ ਤਰਨਤਾਰਨ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਨੌਰੰਗਾਬਾਦ ਵਿਖੇ ਅੱਜ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਪਸ਼ੂਆਂ ਨੂੰ ਪਾਉਣ ਵਾਲੀ ਫੀਡ ਬਣਾਉਣ ਲਈ ਬਣਾਈ ਬੇਸਮੈਂਟ ਵਿਚ ਲੈਵਲ ਚੈੱਕ ਕਰਨ ਗਏ 3 ਲੋਕਾਂ ਦੀ ਗੈਸ ਚੜ੍ਹਨ ਨਾਲ ਮੌਤ ਹੋ ਗਈ, ਜਦ ਕਿ 2 ਵਿਅਕਤੀਆਂ ਨੂੰ ਮੌਕੇ ‘ਤੇ ਪੁੱਜੀ ਐਂਬੂਲੈਂਸ ਦੀ ਟੀਮ ਨੇ ਬਚਾ ਲਿਆ, ਜੋ ਕਿ ਹਸਪਤਾਲ ‘ਚ ਦਾਖਲ ਹਨ। ਘਟਨਾ ਦਾ ਪਤਾ ਲੱਗਦਿਆਂ ਹੀ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਸਿੱਧੂ ਲਾਲਪੁਰਾ, ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ, ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਐੱਸ. ਐੱਸ. ਪੀ. ਗੁਲਨੀਤ ਸਿੰਘ ਖੁਰਾਣਾ, ਐੱਸ. ਡੀ. ਐੱਮ. ਰਜਨੀਸ਼ ਅਰੋੜਾ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਤਰਨਤਾਰਨ ਦੇ ਪਿੰਡ ਨੌਰੰਗਾਬਾਦ ਵਿਖੇ ਦਿਲਬਾਗ ਸਿੰਘ ਅਤੇ ਜਗਰੂਪ ਸਿੰਘ ਵੱਲੋਂ ਪ੍ਰਾਜੈਕਟ ਲਗਾਇਆ ਗਿਆ ਹੈ, ਜਿੱਥੇ ਕੈਟਲ ਫੀਡ ਤਿਆਰ ਕੀਤੀ ਜਾਂਦੀ ਹੈ।

ਅੱਜ ਸ਼ਾਮ ਮਜ਼ਦੂਰ ਦਿਲਬਾਗ ਸਿੰਘ ਵਾਸੀ ਢੋਟੀਆਂ ਗੁੜ ਦੇ ਸੀਰੇ ਦਾ ਲੈਵਲ ਚੈੱਕ ਕਰਨ ਲਈ ਬੇਸਮੈਂਟ ਵਿਚ ਗਿਆ, ਜਿੱਥੇ ਉਸ ਨੂੰ ਜ਼ਹਿਰੀਲੀ ਗੈਸ ਚੜ੍ਹ ਗਈ ਅਤੇ ਦਿਲਬਾਗ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦਾ ਪਤਾ ਲੱਗਣ ‘ਤੇ ਜਦੋਂ ਦਿਲਬਾਗ ਸਿੰਘ (45) ਪੁੱਤਰ ਧੀਰਾ ਸਿੰਘ ਵਾਸੀ ਮੱਲਮੋਹਰੀ ਬੇਸਮੈਂਟ ‘ਚ ਗਿਆ ਤਾਂ ਉਸ ਦੀ ਵੀ ਗੈਸ ਚੜ੍ਹਨ ਨਾਲ ਮੌਤ ਹੋ ਗਈ, ਜਦ ਕਿ ਇਨ੍ਹਾਂ ਨੂੰ ਬਚਾਉਣ ਗਿਆ ਹਰਭਜਨ ਸਿੰਘ (55) ਵੀ ਗੈਸ ਚੜ੍ਹਨ ਨਾਲ ਮੌਤ ਦੇ ਮੂੰਹ ਵਿਚ ਚਲਾ ਗਿਆ, ਜਦ ਕਿ ਜਗਰੂਪ ਸਿੰਘ ਅਤੇ ਇਕ ਹੋਰ ਵਿਅਕਤੀ ਜਦੋਂ ਬੇਸਮੈਂਟ ਵਿਚ ਗਿਆ ਤਾਂ ਉਨ੍ਹਾਂ ਦੀ ਹਾਲਤ ਵੀ ਖ਼ਰਾਬ ਹੋ ਗਈ, ਜਿਨ੍ਹਾਂ ਨੂੰ ਮੌਕੇ ’ਤੇ ਪਹੁੰਚੀ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਤਰਨਤਾਰਨ ਦੀ ਐਂਬੂਲੈਂਸ ਦੇ ਡਰਾਈਵਰ ਰਛਪਾਲ ਸਿੰਘ ਤੇ ਦਲਵਿੰਦਰ ਸਿੰਘ ਨੇ ਖੁਦ ਬੇਸਮੈਂਟ ਵਿਚ ਦਾਖਲ ਹੋ ਕੇ ਬੜੀ ਮੁਸ਼ੱਕਤ ਨਾਲ ਬਾਹਰ ਕੱਢਿਆ ਅਤੇ ਤੁਰੰਤ ਹਸਪਤਾਲ ਲਿਆਂਦਾ, ਜਿੱਥੇ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਉਧਰ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਐੱਸ. ਐੱਸ. ਪੀ. ਗੁਲਨੀਤ ਸਿੰਘ ਖੁਰਾਣਾ, ਐੱਸ. ਡੀ. ਐੱਮ. ਤਰਨਤਾਰਨ ਰਜਨੀਸ਼ ਅਰੋੜਾ ਤੇ ਹੋਰ ਟੀਮਾਂ ਮੌਕੇ ’ਤੇ ਪਹੁੰਚੀਆਂ। ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਇਸ ਮੰਦਭਾਗੀ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਅਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ‘ਚ ਇਹ ਮਾਮਲਾ ਲਿਆ ਦਿੱਤਾ ਗਿਆ ਹੈ ਅਤੇ ਪੰਜਾਬ ਸਰਕਾਰ ਵੱਲੋਂ ਪੀੜਤਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਇਸ ਘਟਨਾ ਦੇ ਵਾਪਰਨ ਨਾਲ ਸਾਰੇ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।