ਬਠਿੰਡਾ : ਸ਼ੋ੍ਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਬਾਦਲ ਪਰਿਵਾਰ ਉਪਰ ਕਾਂਗਰਸੀ ਆਗੂ ਮਨਪ੍ਰੀਤ ਬਾਦਲ ਨਾਲ ਮਿਲੇ ਹੋਣ ਦੇ ਲਾਏ ਦੋਸ਼ਾਂ ਤੋਂ ਬਾਅਦ ਅੱਜ ਉਨ੍ਹਾਂ ਕਈ ਤਸਵੀਰਾਂ ਜਾਰੀ ਕੀਤੀਆਂ। ਇਨ੍ਹਾਂ ਤਸਵੀਰਾਂ ਵਿਚ ਉਹੀ ਵਿਅਕਤੀ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਬਾਦਲ ਨਾਲ ਨਜ਼ਰ ਆ ਰਹੇ ਹਨ। ਉਨ੍ਹਾਂ ਲਿਖਿਆ ਹੈ ਕਿ ਉਕਤ ਆਗੂ ਗਿੱਦੜਬਾਹਾ ਵਿਚ ਅਕਾਲੀ ਹਨ ਜਦੋਂ ਕਿ ਬਠਿੰਡਾ ਆ ਕੇ ਉਹ ਕਾਂਗਰਸੀ ਬਣ ਜਾਂਦੇ ਹਨ। ਸੋਸ਼ਲ ਮੀਡੀਆ ‘ਤੇ ਜਾਰੀ ਕੀਤੀਆਂ ਤਸਵੀਰਾਂ ‘ਚ ਕਈ ਆਗੂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਆਗੂ ਮਨਪ੍ਰਰੀਤ ਸਿੰਘ ਬਾਦਲ ਨਾਲ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨਾਲ ਤਸਵੀਰਾਂ ਵਿਚ ਨਜ਼ਰ ਆ ਰਹੇ ਉਕਤ ਅਕਾਲੀ ਆਗੂ ਗਿੱਦੜਬਾਹਾ ਅਤੇ ਲੰਬੀ ਵਿਚ ਅਕਾਲੀ ਦਲ ਲਈ ਪ੍ਰਚਾਰ ਕਰਦੇ ਰਹੇ ਜਦੋਂ ਕਿ ਬਾਦਲ ਪਰਿਵਾਰ ਦੇ ਕਹੇ ਬਠਿੰਡਾ ਸ਼ਹਿਰ ਵਿਚ ਉਹ ਮਨਪ੍ਰਰੀਤ ਬਾਦਲ ਲਈ ਵੋਟਾਂ ਮੰਗਦੇ ਰਹੇ।

ਸਰੂਪ ਚੰਦ ਸਿੰਗਲਾ ਨੇ ਦੋਸ਼ ਲਾਇਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਈ ਨੇੜਲੇ ਆਗੂ ਲਗਾਤਾਰ ਬਠਿੰਡਾ ਵਿਚ ਮਨਪ੍ਰੀਤ ਬਾਦਲ ਨੂੰ ਜਿਤਾਉਣ ਲਈ ਤਰਲੋਮੱਛੀ ਹੁੰਦੇ ਰਹੇ ਪਰ ਬਾਦਲ ਪਰਿਵਾਰ ਦੇ ਮਨਪ੍ਰਰੀਤ ਨਾਲ ਮਿਲੇ ਹੋਣ ਦੀ ਚਰਚਾ ਕਾਰਨ ਲੋਕਾਂ ਨੇ ਬਾਦਲਾਂ ਨੂੰ ਹਰਾਉਣ ਲਈ ਆਪ ਨੂੰ ਵੋਟਾਂ ਪਾ ਦਿੱਤੀਆਂ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦੇ ਮਨਪ੍ਰੀਤ ਬਾਦਲ ਨਾਲ ਮਿਲੇ ਹੋਣ ਦੀਆਂ ਅੱਜ ਜਾਰੀ ਕੀਤੀਆਂ ਤਸਵੀਰਾਂ ਸਪੱਸ਼ਟ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਉਕਤ ਤਸਵੀਰਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਬਾਦਲ ਪਰਿਵਾਰ ਦੇ ਕਹੇ ਹੀ ਉਕਤ ਅਕਾਲੀ ਆਗੂ ਬਠਿੰਡਾ ਸ਼ਹਿਰੀ ਖੇਤਰ ਵਿਚ ਉਸ ਦੀ ਮੁਖ਼ਾਲਫ਼ਤ ਕਰਦਿਆਂ ਮਨਪ੍ਰੀਤ ਬਾਦਲ ਲਈ ਕੰਮ ਕਰਦੇ ਰਹੇ। ਦੂਜੇ ਪਾਸੇ ਕਾਂਗਰਸੀ ਆਗੂ ਜੈਜੀਤ ਜੌਹਲ ਨੇ ਸਰੂਪ ਚੰਦ ਸਿੰਗਲਾ ਦੇ ਦੋਸ਼ਾਂ ਨੂੰ ਝੂਠੇ ਦੱਸਦਿਆਂ ਉਸ ਦੀ ਬੁਖਲਾਹਟ ਕਿਹਾ ਹੈ।