ਇਕ ਵਿਆਹੁਤਾ ਜਨਾਨੀ ਵੱਲੋਂ ਆਪਣੇ ਹੀ ਪਿੰਡ ਦੇ ਕੁਆਰੇ ਨੌਜਵਾਨ ਨਾਲ ਨਜਾਇਜ਼ ਸਬੰਧ ਬਣਾ ਕੇ ਉਸ ਤੋਂ ਖਰਚਾ ਪਾਣੀ ਮੰਗਣ ਲਈ ਤੰਗ ਪ੍ਰੇਸ਼ਾਨ ਕਰਕੇ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਇਸ ਮਾਮਲੇ ਵਿਚ ਪੁਲਸ ਨੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿਚ ਮ੍ਰਿਤਕ ਦੇ ਭਰਾ ਚਾਨਣ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਅਰਾਈਆਂਵਾਲਾ ਕਲਾਂ ਨੇ ਸਹਾਇਕ ਥਾਣੇਦਾਰ ਚਮਕੌਰ ਸਿੰਘ ਨੂੰ ਬਿਆਨ ਦਰਜ ਕਰਵਾਇਆ ਕਿ ਉਹ 6 ਭੈਣ ਭਰਾ ਹਨ ਜਿਨ੍ਹਾਂ ’ਚੋਂ ਉਹ ਸਭ ਤੋਂ ਵੱਡਾ ਹੈ। ਬਿਆਨਕਰਤਾ ਨੇ ਦੱਸਿਆ ਕਿ ਉਸਦਾ ਭਰਾ ਲਖਵਿੰਦਰ ਸਿੰਘ ਜੋ ਅਜੇ ਕੁਆਰਾ ਸੀ ਅਤੇ ਮਿਹਨਤ ਮਜ਼ਦੂਰੀ ਕਰਦਾ ਸੀ। ਉਸਦੇ ਗੁਆਂਢ ਵਿਚ ਰਹਿੰਦੀ ਭਰਜਾਈ ਚਰਨਜੀਤ ਕੌਰ ਨਾਲ ਨਾਜਾਇਜ਼ ਸਬੰਧ ਬਣ ਗਏ।

ਬਿਆਨ ਕਰਤਾ ਦੇ ਦੋਸ਼ ਅਨੁਸਾਰ ਉਕਤ ਜਨਾਨੀ ਉਸਦੇ ਭਰਾ ਤੋਂ ਖਰਚਾ ਲੈਂਦੀ ਰਹਿੰਦੀ ਸੀ ਅਤੇ ਉਸਦਾ ਭਰਾ ਮਜ਼ਬੂਰੀ ਵੱਸ ਉਸਨੂੰ ਖਰਚਾ ਦਿੰਦਾ ਸੀ। ਬਿਆਨਕਰਤਾ ਨੇ ਦੱਸਿਆ ਕਿ ਬੀਤੀ 7 ਫਰਵਰੀ ਨੂੰ ਉਸਦੇ ਭਰਾ ਨੇ ਉਸਨੂੰ ਦੱਸਿਆ ਕਿ ਚਰਨਜੀਤ ਕੌਰ ਉਸ ਤੋਂ ਹੁਣ 50,000 ਰੁਪਏ ਮੰਗ ਰਹੀ ਹੈ ਅਤੇ ਇਹ ਧਮਕੀ ਵੀ ਦਿੱਤੀ ਹੈ ਕਿ ਜੇਕਰ ਉਸ ਨੂੰ ਪੈਸੇ ਨਾ ਦਿੱਤੇ ਤਾਂ ਉਹ ਉਸਨੂੰ ਝੂਠੇ ਕੇਸ ਵਿਚ ਫ਼ਸਾ ਦੇਵੇਗੀ। ਬਿਆਨਕਰਤਾ ਅਨੁਸਾਰ ਜਦੋਂ ਉਸਦੇ ਭਰਾ ਲਖਵਿੰਦਰ ਸਿੰਘ ਨੇ ਉਸਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਚਰਨਜੀਤ ਕੌਰ ਨੇ ਉਸਨੂੰ ਇਹ ਕਿਹਾ ਕਿ ਜੇਕਰ ਤੇਰੇ ਕੋਲ ਪੈਸੇ ਨਹੀਂ ਤਾਂ ਮਰ ਜਾ। ਇਸ ’ਤੇ ਉਸਦੇ ਭਰਾ ਲਖਵਿੰਦਰ ਸਿੰਘ ਨੇ ਚਰਨਜੀਤ ਕੌਰ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ। ਇਸ ਘਟਨਾਂ ’ਤੇ ਥਾਣਾ ਸਦਰ ਵਿਖੇ ਪਿੰਡ ਅਰਾਈਆਂਵਾਲਾ ਕਲਾਂ ਨਿਵਾਸੀ ਚਰਨਜੀਤ ਕੌਰ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਜਦਕਿ ਅਜੇ ਮੁਲਜ਼ਮ ਔਰਤ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।