ਸਵੇਰ ਦੀ ਅਖ਼ਬਾਰ ਖੋਲ੍ਹੀ ਤਾਂ ਇਹ ‘ਪੁੱਤ ਵੱਲੋਂ ਬਾਪ ਦਾ ਕਤਲ, ਭਤੀਜੇ ਨੇ ਚਾਚੇ ਨੂੰ ਗੋਲੀ ਮਾਰੀ, ਮੌਕੇ ’ਤੇ ਮੌਤ, ਪਿਤਾ ਵੱਲੋਂ ਅਣਖ ਖ਼ਾਤਰ ਧੀ ਦੀ ਹੱਤਿਆ, ਪਤੀ ਵੱਲੋਂ ਬਦਚਲਣੀ ਦੇ ਸ਼ੱਕ ’ਚ ਪਤਨੀ ਦਾ ਕਤਲ’ ਆਦਿ ਖ਼ਬਰਾਂ ਨਾਲ ਭਰੀ ਪਈ ਸੀ। ਆਖ਼ਰ ਸਾਡੇ ਅਮੀਰ ਵਿਰਸੇ ਵਾਲੇ ਪੰਜਾਬੀ ਸੱਭਿਆਚਾਰ ਦੇ ਸਮਾਜਿਕ ਰਿਸ਼ਤੇ ਐਨੇ ਪੇਤਲੇ ਕਿਉਂ ਹੋ ਗਏ ਹਨ? ਮਨੁੱਖੀ ਆਚਰਣ ਦੇ ਗੁਣ ਮੰਨੀ ਜਾਂਦੀ ਸਹਿਣਸ਼ੀਲਤਾ ਅਤੇ ਸਹਿਜਤਾ ਖੰਭ ਲਾ ਕੇ ਕਿੱਥੇ ਉਡ ਗਈ ਹੈ? ਰਿਸ਼ਤੇਦਾਰ ਅਤੇ ਰਿਸ਼ਤੇਦਾਰੀਆਂ ਕਰਕੇ ਸਮਾਜ ਆਪਸ ਵਿੱਚ ਜੁੜਿਆ ਹੋਇਆ ਹੈ। ਪੁਰਾਣੀ ਪੀੜ੍ਹੀ ਵਿੱਚ ਰਿਸ਼ਤਿਆਂ ਨੂੰ ਬਹੁਤ ਸਥਾਨ ਦਿੱਤਾ ਜਾਂਦਾ ਸੀ। ਇਸ ਕਰਕੇ ਆਪਣੀ ਧੀ, ਭੈਣ ਜਾਂ ਪੁੱਤ ਨੂੰ ਵਿਆਹੁਣ ਲਈ ਰਿਸ਼ਤੇਦਾਰੀਆਂ ਤਕ ਦੀ ਫਰੋਲਾ-ਫਰਾਲੀ ਕੀਤੀ ਜਾਂਦੀ ਸੀ। ਭੌਤਿਕਵਾਦ ਅਤੇ ਪਦਾਰਥਵਾਦੀ ਯੁੱਗ ਨੇ ਮਨੁੱਖ ਦੇ ਰਿਸ਼ਤੇ ਮਹਿਜ ਰਸਮੀ ਬਣਾ ਦਿੱਤੇ ਹਨ। ਕੋਈ ਸਮਾਂ ਸੀ ਜਦੋਂ ਲੋਕ ਰਿਸ਼ਤਿਆਂ ’ਚੋ ਨਿੱਘ ਲੈਂਦੇ ਸਨ ਅਤੇ ਰਿਸ਼ਤੇਦਾਰ ਦੇ ਆਉਣ ਦੀ ‘ਈਦ ਦੇ ਚੰਨ’ ਵਾਂਗ ਉਡੀਕ ਕਰਦੇ ਸਨ। ਉਸ ਨਾਲ ਪਰਿਵਾਰਕ, ਆਰਥਿਕ ਅਤੇ ਸਮਾਜਿਕ ਦੁੱਖ-ਸੁੱਖ ਸਾਂਝਾ ਕਰ ਕੇ ਸਕੂਨ ਹਾਸਲ ਕਰਦੇ ਸਨ ਪਰ ਵਕਤ ਨੇ ਇਨ੍ਹਾਂ ਰਿਸ਼ਤਿਆਂ ਨੂੰ ਅਜਿਹੀ ਨਜ਼ਰ ਲਾਈ ਕਿ ਰਿਸ਼ਤੇਦਾਰ ਨੂੰ ਦੂਰੋਂ ਆਉਂਦਾ ਦੇਖ ਬਹੁਤੇ ਲੋਕ ਖ਼ੁਸ਼ ਨਹੀਂ ਹੁੰਦੇ। ਕੀ ਅਸੀਂ ਐਨੇ ਮਤਲਬੀ ਅਤੇ ਮੌਕਾਪ੍ਰਸਤ ਹੋ ਗਏ ਹਾਂ? ਪੇਤਲੇ ਹੋਏ ਰਿਸ਼ਤਿਆਂ ਕਰਕੇ ਹੀ ਮਾਂ-ਧੀ ਦੇ ਰਿਸ਼ਤੇ ਵੀ ਕਲੰਕਿਤ ਹੋਏ ਹਨ। ਇੱਕ ਔਰਤ ਹੋਣ ਦੇ ਬਾਵਜੂਦ ਉਹ ਆਪਣੇ ਪੇਟ ’ਚ ਪਲ ਰਹੇ ਲੜਕੀ ਦੇ ਭਰੂਣ ਨੂੰ ਕਤਲ ਕਰਵਾਉਣ ਦੇ ਗੁਨਾਹ ਵਿੱਚ ਹਿੱਸੇਦਾਰ ਬਣਨ ਤੋਂ ਨਹੀਂ ਝਿਜਕਦੀ। ਪੁਰਾਤਨ ਸਮੇਂ ਵਿੱਚ ਰਿਸ਼ਤੇ ਅਜਿਹੇ ਨਹੀਂ ਸਨ। ਲੋਕ ਰਿਸ਼ਤਿਆਂ ਦੀ ਬਹੁਤ ਕਦਰ ਕਰਦੇ ਸਨ। ਆਪਣੇ ਪਿੰਡ ਦੀ ਕੁੜੀ ਨੂੰ ਸਾਰੇ ਪਿੰਡ ਦੀ ਧੀ ਸਮਝਿਆ ਜਾਂਦਾ ਸੀ ਪਰ ਹੁਣ ਰਿਸ਼ਤਿਆਂ ਨੇ ਇਸਨੂੰ ਵੀ ਕਲੰਕਿਤ ਕਰ ਦਿੱਤਾ ਹੈ। ਲੋਕਾਂ ਵਿੱਚ ਵਧ ਰਹੇ ਲਾਲਚ ਅਤੇ ਸੰਵਿਧਾਨ ਵਿੱਚ ਲੜਕੀਆਂ ਨੂੰ ਮਾਪਿਆਂ ਦੀ ਜਾਇਦਾਦ ’ਚੋਂ ਹਿੱਸਾ ਮਿਲਣ ਨੂੰ ਕਾਨੂੰਨੀ ਜਾਮਾ ਪਹਿਨਾਉਣ ਮਗਰੋਂ ਭੈਣ-ਭਰਾ ਦੇ ਰਿਸ਼ਤਿਆਂ ਵਿੱਚ ਵੀ ਕੁੜੱਤਣ ਆ ਗਈ ਹੈ। ਇਸੇ ਤਰ੍ਹਾਂ ਅਨਪੜ੍ਹ ਰਹਿਣ ਕਰਕੇ ਪਿੰਡ ਅੰਦਰ ਖੇਤੀ ਕਰਨ ਅਤੇ ਪੜ੍ਹ-ਲਿਖ ਕੇ ਸ਼ਹਿਰ ਜਾ ਕੇ ਨੌਕਰੀਆਂ ਕਰਨ ਵਾਲੇ ਭਰਾਵਾਂ ਦੇ ਰਿਸ਼ਤੇ ਵੀ ਬਹੁਤੇ ਸੁਖਾਵੇਂ ਨਹੀਂ ਹਨ। ਕਈ ਵਾਰ ਮਾਂ-ਬਾਪ ਵੀ ਭਰਾਵਾਂ ਦੀ ਆਪਸੀ ਲੜਾਈ ਦੀ ਭੇਟ ਚੜ੍ਹ ਜਾਂਦੇ ਹਨ। ਕੁਝ ਦਿਨ ਪਹਿਲਾਂ ਮੈਂ ਆਪਣੇ ਇੱਕ ਨਜ਼ਦੀਕੀ ਰਿਸ਼ਤੇਦਾਰ ਦੀ ਲੜਕੀ ਦੇ ਵਿਆਹ ’ਤੇ ਗਿਆ। ਮੈਂ ਸਿੱਧਾ 11 ਵਜੇ ਮੈਰਿਜ ਪੈਲੇਸ ’ਚ ਗਿਆ।

ਜੈ ਮਾਲਾ ਹੋਣ ਤਕ ਬਹੁਤੇ ਰਿਸ਼ਤੇਦਾਰ ਸ਼ਗਨ ਫੜਾ ਕੇ ਮੁੜ ਗਏ ਸਨ। ਪਹਿਲਾਂ ਘਰਾਂ ਵਿੱਚ ਵਿਆਹ ਹੋਣ ਕਰਕੇ ਕੰਮ ਕਰਵਾਉਣ, ਟੈਂਟ ਲਗਾਉਣ, ਮੰਜੇ ਇਕੱਠੇ ਕਰਨ ਅਤੇ ਲੱਡੂ ਵੱਟਣ ਆਦਿ ਲਈ ਵਿਆਹ ਵਾਲੇ ਘਰ ਚਾਰ-ਚਾਰ ਦਿਨ ਲੱਗ ਜਾਂਦੇ ਸਨ ਜਿਸ ਕਰਕੇ ਰਿਸ਼ਤੇਦਾਰਾਂ ਵਿੱਚ ਆਪਸੀ ਪਿਆਰ ਅਤੇ ਸਾਂਝ ਹੋਰ ਵਧ ਜਾਂਦੀ ਸੀ। ਵਿਆਹ ਦਾ ਸੱਦਾ ਮਿਲਦਿਆਂ ਹੀ ਰਿਸ਼ਤੇਦਾਰਾਂ ਨੂੰ ਚਾਅ ਚੜ੍ਹ ਜਾਂਦਾ ਸੀ ਪਰ ਹੁਣ ਤਾਂ ਸ਼ਾਇਦ ਤਾਪ ਹੀ ਚੜ੍ਹ ਜਾਂਦਾ ਹੈ। ਕਿਸੇ ਨਜ਼ਦੀਕੀ ਜਾਂ ਜਾਣਕਾਰ ਦੇ ਅੰਤਿਮ ਸੰਸਕਾਰ ਦੇ ਸਮੇਂ ਕਈ ਵਾਰ ਦੇਖਣ ਨੂੰ ਮਿਲਦਾ ਹੈ ਕਿ ਮਨੁੱਖ ਨੂੰ ਅੰਤਿਮ ਵਿਦਾਇਗੀ ਦੇਣ ਵਾਲਿਆਂ ਨੂੰ ਬਹੁਤ ਕਾਹਲ ਪਈ ਹੁੰਦੀ ਹੈ। ਕਈ ਵਾਰ ਉਹ ਆਪਸ ’ਚ ਗੱਲਾਂ ਕਰਦਿਆਂ ਕਹਿਣ ਲੱਗਦੇ ਹਨ ਕਿ ਸ਼ਾਇਦ ਲੱਕੜ ਗਿੱਲੀ ਹੈ, ਇੰਜ ਹੀ ਕਈ ਵਾਰ ਮਿੱਟੀ ਦਾ ਤੇਲ ਪਾ ਕੇ ਕੰਮ ਨਿਬੇੜਣ ਦੀਆਂ ਸਲਾਹਾਂ ਸੁਣਨ ਨੂੰ ਮਿਲਦੀਆਂ ਹਨ। ਅਜਿਹਾ ਮਨੁੱਖੀ ਵਿਹਾਰ ਪਾਠ ਦੇ ਭੋਗ ਸਮੇਂ ਦੇਖਣ ਨੂੰ ਮਿਲਦਾ ਹੈ। ਭੋਗ ਪੈਣ ਜਾਂ ਸ਼ਰਧਾਂਜਲੀ ਸਮਾਗਮ ਸਮੇਂ ਵੀ ਥੋੜ੍ਹੇ-ਬਹੁਤ ਲੋਕ ਹੀ ਬਚਦੇ ਹਨ। ਵਿਗਿਆਨਕ ਤਰੱਕੀ, ਆਧੁਨਿਕਤਾ ਅਤੇ ਅਮੀਰ ਬਣਨ ਲਈ ਲੱਗੀ ਪੈਸੇ ਦੀ ਹੋੜ ਨੇ ਰਿਸ਼ਤਿਆਂ ਦੀ ਬੁਨਿਆਦ ਖੋਖਲੀ ਕਰ ਦਿੱਤੀ ਹੈ। ਆਪਸੀ ਮੋਹ, ਪਿਆਰ ਅਤੇ ਅਪਣੱਤ ਅਜੋਕੇ ਨਿੱਜਵਾਦ ਦੀ ਭੇਟ ਚੜ੍ਹ ਗਏ ਹਨ। ਵੱਡੇ ਪਰਿਵਾਰ ਟੁੱਟ ਰਹੇ ਹਨ ਜਿਸ ਨਾਲ ਰਿਸ਼ਤਿਆਂ ਵਿਚਲੀ ਮਿਠਾਸ ਅਤੇ ਮਾਨਸਿਕਤਾ ਮਹਿਜ ਗਰਜਾਂ ਨਾਲ ਜੁੜ ਕੇ ਰਹਿ ਗਈ ਹੈ। ਪਹਿਲਾਂ ਰਾਤ ਸਮੇਂ ਬੱਚੇ ਆਪਣੇ ਦਾਦਾ-ਦਾਦੀ ਦੀ ਗੋਦ ਦਾ ਨਿੱਘ ਮਾਣਦਿਆਂ ਇਤਿਹਾਸਕ, ਮਿਥਿਹਾਸਕ ਅਤੇ ਹੋਰ ਰੌਚਕ ਕਹਾਣੀਆਂ ਸੁਣਦੇ ਰਹਿੰਦੇ ਸਨ। ਮੁੰਡੇ-ਕੁੜੀਆਂ ਇਕੱਠੇ ਖੇਡਦੇ ਸਨ ਪਰ ਹੁਣ ਹਰੇਕ ਘਰ ਦੇ ਕਮਰੇ ਜਾਂ ਬੈਡਰੂਮ ਵਿੱਚ ਪਹੁੰਚੇ ਇਲੈਕਟ੍ਰਾਨਿਕ ਟੀ.ਵੀ. ਜਾਂ ਕੰਪਿਊਟਰਾਂ ਨੇ ਗੁਆਂਢੀਆਂ ਨੂੰ ਵੀ ਆਪਣੇ ਘਰਾਂ ਤਕ ਸੀਮਤ ਕਰ ਦਿੱਤਾ ਹੈ। ਅੱਜ-ਕੱਲ੍ਹ ਜ਼ਿਆਦਾਤਰ ਔਰਤਾਂ ਨੂੰ ਆਪਣੇ ਬਜ਼ੁਰਗਾਂ, ਪੋਤੇ-ਪੋਤੀਆਂ ਜਾਂ ਛੋਟੇ ਧੀਆਂ-ਪੁੱਤਰਾਂ ਦੀ ਬਜਾਏ ਨਾਟਕਾਂ ਦੇ ਪਾਤਰਾਂ ਦੀ ਜ਼ਿੰਦਗੀ ਵਿੱਚ ਵਧੇਰੇ ਦਿਲਚਸਪੀ ਹੁੰਦੀ ਹੈ ਜਿਸ ਕਰਕੇ ਬੱਚਿਆਂ ’ਚ ਰਿਸ਼ਤਿਆਂ ਪ੍ਰਤੀ ਇੱਜ਼ਤ ਘੱਟ ਅਤੇ ਆਪਹੁਦਰਾਪਣ ਵੱਧ ਦਿਖਾਈ ਦੇ ਰਿਹਾ ਹੈ। ਰਿਸ਼ਤਾ ਕੇਵਲ ਨਿੱਜੀ ਰਿਸ਼ਤੇਦਾਰਾਂ ਤਕ ਸਬੰਧਤ ਨਹੀਂ ਹੁੰਦਾ ਸਗੋਂ ਵਿਦਿਆਰਥੀ-ਅਧਿਆਪਕ, ਡਾਕਟਰ-ਮਰੀਜ਼, ਲੀਡਰ-ਵੋਟਰ, ਦੁਕਾਨਦਾਰ-ਗਾਹਕ,ਆੜ੍ਹਤੀ-ਕਿਸਾਨ, ਕਿਸਾਨ-ਮਜ਼ਦੂਰ, ਪੁਲੀਸ-ਚੋਰ ਆਦਿ ਸਣੇ ਦਰਜਨਾਂ ਹੀ ਸਮਾਜਿਕ ਰਿਸ਼ਤੇ ਸਾਡੇ ਸਮਾਜ ਦਾ ਅੰਗ ਹਨ ਪਰ ਪਦਾਰਥਵਾਦ ਨੇ ਹਰ ਤਰ੍ਹਾਂ ਦੇ ਰਿਸ਼ਤਿਆਂ ਨੂੰ ਪ੍ਰਭਾਵਿਤ ਕੀਤਾ ਹੈ। ਅਜੋਕੇ ਯੁੱਗ ਵਿੱਚ ਪਰਿਵਾਰਵਾਦ ਅਤੇ ਨਿੱਜਵਾਦ ਦੇ ਰਿਸ਼ਤਿਆਂ ਦਾ ਸਭ ਤੋਂ ਵੱਧ ਸੰਤਾਪ ਬਜ਼ੁਰਗਾਂ ਨੂੰ ਭੁਗਤਣਾ ਪੈ ਰਿਹਾ ਹੈ। ਨੌਜਵਾਨ ਪੀੜ੍ਹੀ ਮਾਪਿਆਂ ਤੋਂ ਬਾਗ਼ੀ ਹੋ ਰਹੀ ਹੈ। ਉਹ ਬਜ਼ੁਰਗਾਂ ਨੂੰ ਆਪਣੇ ਰਾਹ ਦਾ ਸਭ ਤੋਂ ਵੱਡਾ ਰੋੜਾ ਸਮਝਦੀ ਹੈ।

ਬਜ਼ੁਰਗ ਆਪਣਾ ਤਜਰਬਾ ਲਾਗੂ ਕਰਕੇ ਬੱਚਿਆਂ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਦੇ ਸੁਪਨੇ ਲੈਂਦੇ ਹਨ। ਅਜੋਕੇ ਸਮੇਂ ’ਚ ਬਜ਼ੁਰਗ ਬੀਮਾਰੀਆਂ ਦਾ ਵਧੇਰੇ ਸ਼ਿਕਾਰ ਹੋ ਰਹੇ ਹਨ। ਹਕੀਕਤ ਜਾਣਨ ਲਈ ਕਿਸੇ ਵੀ ਸ਼ਹਿਰ ਦੇ ਓਲਡ ਏਜ ਹੋਮ, ਵਿਧਵਾ ਆਸ਼ਰਮ, ਪਿੰਗਲਵਾੜੇ ਜਾਂ ਤੀਰਥ ਸਥਾਨ ਦੇਖੇ ਜਾ ਸਕਦੇ ਹਨ ਜੋ ਬਜ਼ੁਰਗਾਂ ਨਾਲ ਭਰੇ ਰਹਿੰਦੇ ਹਨ। ਥੋੜ੍ਹਾ ਜਿਹਾ ਵੀ ਫਰੋਲਣ ’ਤੇ ਉਹ ਆਪਣੇ ਪਿੰਡੇ ਹੰਢਾਏ ਇਕੱਲਪਣੇ ਦੇ ਜਬਰ ਨੂੰ ਬਿਆਨਦਿਆਂ ਹੰਝੂਆਂ ਦੀ ਝੜੀ ਲਾ ਦਿੰਦੇ ਹਨ। ਭਾਰਤੀ ਸੰਸਕ੍ਰਿਤੀ ਵਿੱਚ ਸਰਵਨ ਪੁੱਤਰਾਂ ਦੇ ਹਵਾਲੇ ਦੇ ਕੇ ਬਜ਼ੁਰਗਾਂ ਦੇ ਸਤਿਕਾਰ ਦੀ ਗੱਲ ਕੀਤੀ ਗਈ ਹੈ ਪਰ ਹਕੀਕਤ ਕੁਝ ਹੋਰ ਹੀ ਹੈ। ਦਿੱਲੀ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਕਰੋੜਪਤੀਆਂ ਦੇ ਬਜ਼ੁਰਗ ਅਕਸਰ ਇਕੱਲਪੁਣੇ ਦੀ ਬੀਮਾਰੀ ਦਾ ਸ਼ਿਕਾਰ ਹਨ। ਉਨ੍ਹਾਂ ਦੇ ਹੋ ਰਹੇ ਕਤਲ ਵੀ ਇਸਦੀ ਉਦਾਹਰਨ ਹਨ ਕਿਉਂਕਿ ਕੰਮਕਾਜੀ ਜਾਂ ਆਧੁਨਿਕ ਨੂੰਹ-ਪੁੱਤ ਅਤੇ ਬੱਚਿਆਂ ਕੋਲ ਉਨ੍ਹਾਂ ਨਾਲ ਬੈਠ ਕੇ ਗੱਲਾਂ ਕਰਨ ਦਾ ਸਮਾਂ ਨਹੀਂ ਹੈ। ਸਾਡੇ ਦੇਸ਼ ਵਿੱਚ ਬਜ਼ੁਰਗਾਂ ਦੇ ਭਵਿੱਖ ਦੀ ਕੋਈ ਸੁਰੱਖਿਆ ਨਹੀਂ ਹੈ। ਕੇਂਦਰ ਜਾਂ ਸੂਬਾ ਸਰਕਾਰ ਦੀ ਨਿਗੂਣੀ ਪੈਨਸ਼ਨ ਲੈਣ ਲਈ ਹੁੰਦੀ ਖੱਜਲ-ਖੁਆਰੀ ਕਰਕੇ ਬਹੁਤੇ ਬਜ਼ੁਰਗ ਇਸ ਤੋਂ ਵਾਂਝੇ ਹੀ ਰਹਿ ਜਾਂਦੇ ਹਨ ਜਦੋਂ ਕਿ ਵਿਦੇਸ਼ਾਂ ਵਿੱਚ ਸੀਨੀਅਰ ਸਿਟੀਜ਼ਨਾਂ ਨੂੰ ਸੰਭਾਲਣਾ ਅਤੇ ਭੱਤਾ ਦੇਣਾ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ। ਮਨੁੱਖੀ ਰਿਸ਼ਤੇ ਆਖ਼ਰ ਐਨੇ ਪੇਤਲੇ ਕਿਉਂ ਹੋ ਰਹੇ ਹਨ। ਪੱਛਮੀ ਸੱਭਿਆਚਾਰ ਅਤੇ ਇਲੈਕਟ੍ਰਾਨਿਕ ਮੀਡੀਏ ਕਰਕੇ ਦੇਸ਼ ਅੰਦਰ ਕੀਤੀ ਗਈ ਦਖ਼ਲਅੰਦਾਜ਼ੀ ਨੂੰ ਦੋਸ਼ ਦੇ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਕੀ ਇਸ ਲਈ ਸਾਡਾ ਸਮਾਜਿਕ ਅਤੇ ਰਾਜਨੀਤਕ ਢਾਂਚਾ ਦੋਸ਼ੀ ਨਹੀਂ ਹੈ? ਅਸੀਂ ਜਿਸ ਸੱਭਿਆਚਾਰ, ਬਹੁਮੁੱਲੀਆਂ ਕਦਰਾਂ-ਕੀਮਤਾਂ ਅਤੇ ਨੈਤਿਕਤਾ ਵਾਲੇ ਸਮਾਜ ’ਤੇ ਮਾਣ ਕਰਦੇ ਨਹੀਂ ਥੱਕਦੇ, ਕੀ ਉਸ ਵਿੱਚ ਆ ਰਹੇ ਨਿਘਾਰ ਲਈ ਅਸੀਂ ਖ਼ੁਦ ਵੀ ਜ਼ਿੰਮੇਵਾਰ ਨਹੀਂ? ਸਮਾਜ ’ਚ ਲਗਾਤਾਰ ਆ ਰਹੀ ਨੈਤਿਕ ਗਿਰਾਵਟ ਦਾ ਜਵਾਬ ਕੌਣ ਦੇਵੇਗਾ। ਮਾਪਿਆਂ, ਆਪਣੇ ਸਮਾਜ ਅਤੇ ਦੇਸ਼ ਪ੍ਰਤੀ ਜ਼ਿੰਮੇਵਾਰੀ ਕੌਣ ਲਵੇਗਾ? ਅਜੋਕੇ ਦੌਰ ਵਿੱਚ ਇਨ੍ਹਾਂ ਸਵਾਲਾਂ ਦਾ ਜੁਆਬ ਲੱਭਣਾ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ, ਨਹੀਂ ਤਾਂ ਪਛਤਾਉਣ ਦਾ ਵੇਲਾ ਵੀ ਹੱਥ ਨਹੀਂ ਰਹਿ ਜਾਵੇਗਾ।