ਨਿੱਕੇ ਨਿੱਕੇ ਬੰਦਿਆਂ ਤਹੱਈਆ ਕੀਤਾ ਸੀ ਕਿ ਓਹਨੂੰ ਜਿਓਣ ਜੋਗਾ ਨਹੀਂ ਛੱਡਣਾ, ਓਹ ਐਸੀ ਮੌਤ ਖੱਟ ਗਿਆ ਜਿਹੜੀ ਲੱਖਾਂ ਜ਼ਿੰਦਗੀਆਂ ਨਾਲ਼ੋਂ ਵੀ ਮਹਿੰਗੀ ਆ। ਧਾਨੂੰ ਓਹ ਧਰਨੇ ‘ਚ ਬੈਠਾ ਪੰਜਾਬ ਤੇ ਸਿੱਖ ਵਿਰਾਸਤ ਦੀ ਗੱਲ ਕਰਦਾ ਵੀ ਚੁੱਭਦਾ ਸੀ, ਓਹ ਓਥੇ ਜਾ ਬੈਠਾ ਜਿੱਥੇ ਅਮਰ ਹੋ ਜਾਈਦਾ। ਓਹਦੇ ਟੈਟੂ ਬਣਨਗੇ ਤੇ ਟੀ ਸ਼ਰਟਾਂ ਵਿਕਿਆ ਕਰਨਗੀਆਂ, ਪਰ ਧਾਡੇ ਨਾਮ ਇਤਿਹਾਸ ਨੇ ਕਾਲੇ ਅੱਖਰਾਂ ‘ਚ ਲਿਖਣੇ ਵੀ ਜ਼ਰੂਰੀ ਨਹੀਂ ਸਮਝਣੇ। ਪੰਜਾਬ ਦੇ ਗੱਭਰੂ ਓਹਦੇ ਸਿਰਹਾਣੇ ਬੈਠੇ ਓਹਦਾ ਸਿਵਾ ਠੰਡਾ ਹੋਣ ਤੱਕ ਨਾਹਰੇ ਲਾਂਓਦੇ ਰਹੇ, ਤੇ ਰਹਿੰਦੀ ਦੁਨੀਆ ਤੱਕ ਓਹਦੀ ਯਾਦ ‘ਚ ਇਹਨਾਂ ਨਾਹਰਿਆਂ ਨਾਲ ਅਸਮਾਨ ਗੂੰਜਦੇ ਰਹਿਣਗੇ, ਪਰ ਧਾਡੇ ਮਰਨ ਤੇ ਕਿਸੇ ਅਖਬਾਰ ਨੇ ਡੱਬੀ ਜਿੰਨੀ ਖਬਰ ਵੀ ਨਹੀਂ ਲਾਓਣੀ।

ਓਹ ਕੌਮੀਂ ਇਤਿਹਾਸ ਤੇ ਮਾਣ ਕਰਨ ਦੀ ਜਾਚ ਦੱਸਦਾ ਸੀ, ਤੇ ਆਪ ਵੀ ਮਾਣ ਕਰਾਓਣ ਜੋਗਾ ਹੋਕੇ ਵਿਦਾ ਹੋਇਆ, ਤੁਸੀਂ ਨਿਗੂਣੇ ਜੀਵ, ਸਿਆਸੀ ਗਿਣਤੀਆਂ ਮਿਣਤੀਆਂ ਤੇ ਨਫ਼ੇ ਨੁਕਸਾਨਾਂ ਦੀ ਕਸਵੱਟੀ ਤੇ ਬੰਦੇ ਪਰਖਣ ਵਾਲੇ, ਕਦੀ ਕੁਝ ਮਾਣ ਕਰਨ ਜੋਗਾ ਨਹੀਂ ਸਿਰਜ ਸਕੋਗੇ। ਜਿੱਥੇ ਵੀ ਚਾਰ ਸਿਰ ਜੁੜ ਕੇ ਬਹਿਆ ਕਰਨਗੇ, ਓਥੇ ਓਹਦੀਆਂ ਅਠਾਰਵੀਂ ਸਦੀ ਦੇ ਹਵਾਲੇ ਦੇਕੇ ਕੀਤੀਆਂ ਗੱਲਾਂ, ਸ਼ਹੀਦਾਂ ਸਿੰਘਾ ਦੇ ਪਹਿਰੇ ਤੇ ਗੁਰੂ ਦੇ ਅੰਗ ਸੰਗ ਹੋਣ ਦੀਆਂ ਬਾਤਾਂ ਪਿਆ ਕਰਨਗੀਆਂ, ਪਰ ਸ਼ਰਮਿੰਦਿਆਂ ਦੇ ਗਦਾਰੀ ਦੇ ਵੰਡੇ ਸਰਟੀਫਿਕੇਟ ਤੇ ‘ਵਿਚਾਰਧਾਰਕ ਵਖਰੇਵੇਂ’ ਦਾ ਹਵਾਲਾ ਦੇਕੇ ਲਿਖੇ ਹਿਰਖ ਦੇ ਟੁੱਚੇ ਲੇਖ ਧਾਡੇ ਗੀਦੀਪੁਣੇ ਦਾ ਸਬੂਤ ਦਿੰਦੇ ਰਹਿਣਗੇ।
ਪਿੱਪਲ਼ ਸਿੰਘ✍

ਕਿੰਨਾ ਕ ਔਖਾ ਹੁੰਦਾ ਕਿਸੇ ਸੂਰਮੇਂ ਕੋਲੋੰ ਮੁਆਫੀ ਮੰਗਣਾ .. ਹੱਥ ਜੋੜ ਕੇ ਕਹਿਣਾ ਵੀ ਤੈਨੂੰ ਪਛਾਣ ਨਾਂ ਸਕੇ … ਇਹ ਕਹਿਣਾ ਵੀ ਤੂੰ ਰੱਬ ਦਾ ਬੰਦਾ ਸੀ ਭੈੜੀ ਭੁੱਲ ਕਰ ਬੈਠੇ ਆ .. ਜਿਸ ਅੰਦਰ ਗੈਰਤ ਹੋਵੇ ਉਹ ਏਦਾਂ ਹੱਥ ਜੋੜ ਕੇ ਦੀਪ ਵਰਗੇ ਸੂਰਮੇਂ ਕੋਲੋ ਮੁਆਫੀ ਮੰਗੇਗਾ .. ਉਸਦੇ ਸੰਸਕਾਰ ਤੇ ਓਹ ਵੀ ਆਏ ਜਿਹੜੇ ਕਦੇ ਵਹਿਣ ਚ ਵਹਿ ਕੇ ਉਸਦੇ ਖਿਲਾਫ ਕੁਝ ਲਿਖ ਬੋਲ ਗਏ .. ਉਹਨਾਂ ਜੱਗ ਮੋਹਰੇ ਮੰਨਿਆ ਕਿ ਅਸੀਂ ਗਲਤ ਹਾਂ ਨੀਵੇਂ ਹੋ ਕੇ ਭੁੱਲ ਬਖਸ਼ਾਉਣ ਆਏ ਹਾਂ .. ਇਹ ਮਰਦਾਂ ਦਾ ਕੰਮ ਹੈ .. ਸੂਰਮਿਆਂ ਅੱਗ ਝੁਕ ਬੰਦੇ ਵੱਡੇ ਹੀ ਹੁੰਦੇ ਹਨ .. ਪਰ ਜਿਹੜੇ ਅੱਜ ਵੀ ਬਹਾਨੇ ਜਿਹੇ ਬਣਾ ਕੇ ਵਿਚਾਰਕ ਮੱਤਭੇਦ ਦਾ ਰਾਗ ਅਲਾਪ ਰਹੇ ਨੇਂ ਇਹਨਾਂ ਦੀ ਆਤਮਾਂ ਤੰਗ ਹੋਵੇਗੀ .. ਦੀਪ ਸਿੰਘ ਹੁਣ ਕਲਗੀਆਂ ਵਾਲੇ ਦਾ ਪਿਆਰਾ ਪੁੱਤ ਹੈ ਉਸਨੂੰ ਰਤਾ ਪ੍ਰਵਾਹ ਨਹੀੰ ਸਗੋਂ ਜਿਹੜੇ ਉਸ ਨਾਲ ਖੜੇ ਰਹੇ ਓਹ ਵੀ ਮੰਗ ਲੈਣ ਕਿ ਦੀਪ ਸਿਆਂ ਜੇ ਕਿਤੇ ਤੇਰੇ ਪ੍ਰਤੀ ਮਨ ਚ ਵੀ ਸ਼ੱਕ ਆਇਆ ਹੋਵੇ ਤਾਂ ਆ ਸਾਡੇ ਹੱਥ ਜੁੜੇ ਆ ਤੂੰ ਵੱਡਾ ਅਸੀਂ ਛੋਟੇ ਆ .. ਜੇ ਅਹਿਸਾਸ ਹੁੰਦਾ ਤਾਂ ਤੇਰੀ ਹੋਰ ਤਨਦੇਹੀ ਨਾਲ ਸੇਵਾ ਕਰਦੇ ..।
– ਅਮ੍ਰਿਤਪਾਲ ਸਿੰਘ