ਦੀਪ ਜਾਂਦਾ ਜਾਂਦਾ ਸਾਨੂੰ ਜਗਾ ਵੀ ਗਿਆ ਤੇ ਰੁਆ ਵੀ ਗਿਆ। ਮੈਂ ਆਪਣੀ ਜ਼ਿੰਦਗੀ ‘ਚ ਕਦੇ ਐਨੇ ਬੰਦਿਆਂ ਨੂੰ ਰੋਂਦਿਆਂ ਨਹੀਂ ਸੁਣਿਆ ਜਿੰਨਿਆਂ ਨੂੰ ਅੱਜ ਸੁਣ ਲਿਆ। ਹਰ ਕਿਸੇ ਨੂੰ ਲੱਗਦਾ ਜਿਵੇਂ ਉਹਦਾ ਕੋਈ ਖਾਸ ਕਰੀਬੀ ਤੁਰ ਗਿਆ ਹੋਵੇ। ਇਹੀ ਦੀਪ ਸਿੱਧੂ ਦੀ ਪ੍ਰਾਪਤੀ ਹੈ। ਉਹਦੇ ਬੋਲਾਂ ਵਿਚ ਕੋਈ ਅਪਣੱਤ ਸੀ ਜਿਹੜੀ ਬੰਦੇ ਨੂੰ ਝੱਟ ਮੋਹ ਲੈਂਦੀ ਸੀ। ਉਹਨੂੰ ਮਿਲ-ਸੁਣ ਕੇ ਹਜ਼ਾਰਾਂ ਨੌਜਵਾਨਾਂ ਦੀ ਸੋਚ ਚੁੱਪ-ਚੁਪੀਤੇ ਹੀ ਰਾਸ਼ਟਰਵਾਦ ਤੋਂ ਖਾਲਿਸਤਾਨ ਤੱਕ ਦਾ ਸਫ਼ਰ ਤੈਅ ਕਰ ਗਈ।

ਦੀਪ ਸਿੱਖ ਸਪਿਰਿਟ ਦਾ ਬੁਲੰਦ ਪਰਚਮ ਸੀ ਜਿਹੜਾ ਨਾ ਕਦੇ ਝੁਕਿਆ, ਨਾ ਵਿਕਿਆ, ਨਾ ਡਰਿਆ, ਤੇ ਨਾ ਹੀ ਉਸਨੇ ਕਦੇ ਪਿਛੇ ਮੁੜ ਕੇ ਵੇਖਿਆ। ਉਹਨੇ ਬਹੁਤ ਕੁਝ ਗਵਾਇਆ ਪਰ ਜਤਾਇਆ ਕਦੇ ਕੁਝ ਵੀ ਨਾ। ਜਿਹਨਾਂ ਦਾ ਟੁੱਕ ਵੀ ਪੰਥ ਦੇ ਸਿਰੋਂ ਚੱਲਦਾ ਉਹ ਉਹਨੂੰ ਨੌਲਦੇ ਰਹੇ।

ਸਿੱਖਾਂ ਦੀ ਉਭਰ ਰਹੀ ਰਾਜਸੀ ਚੇਤਨਾ ਨੂੰ ਮਸਾਂ-ਮਸਾਂ ਕੋਈ ਚਿਹਰਾ ਮਿਲਿਆ ਸੀ। ਲੋਕ ਆਪ-ਮੁਹਾਰੇ ਓਹਨੂੰ ਸੁਣਨ ਜਾਂਦੇ। ਜਿਹੜੇ ਇਲਾਕੇ ਵਿਚੋਂ ਲੰਘ ਜਾਂਦਾ, ਉਥੋਂ ਦੀ ਹਵਾ ਬਦਲ ਜਾਂਦੀ। ਓਹਨੇ ਪੰਥ ਦੀ ਨਬਜ਼ ਨੂੰ ਪਛਾਣਿਆ ਅਤੇ ਜਿਹੜੀਆਂ ਗੱਲਾਂ ਕਰਨੋਂ ਵੱਡੇ-ਵੱਡੇ ਡਰਦੇ ਸਨ, ਉਹ ਸਹਿਜ ਸੁਭਾ ਹੀ ਲੋਕਾਂ ਦੇ ਮਨਾਂ ਵਿਚ ਪਾ ਜਾਂਦਾ।

ਦੀਪ ਸਿੱਧੂ ਦਾ ਅੰਦਰੂਨੀ ਕਾਇਆ-ਕਲਪ ਵੀ ਵਾਹਿਗੁਰੂ ਦੀ ਕਲਾ ਵਰਤਣ ਦਾ ਹੀ ਨਤੀਜਾ ਸੀ। ਗੁਰੂ ਸਾਹਿਬ ਦੀ ਕਿਰਪਾ ਹੋਈ ਤੇ ਉਹ ਪੰਥ ਦੇ ਰਾਹ ਉੱਤੇ ਚੱਲ ਪਿਆ। ਕਈ ਇਤਰਾਜ਼ ਕਰ ਰਹੇ ਹਨ ਕਿ ਉਹ ਪਹਿਲਾਂ ਕਿੱਥੇ ਸੀ। ਉਹਨੇ ਪਹਿਲਾਂ ਕਦੇ ਪੰਥ ਦੀ ਗੱਲ ਨਹੀਂ ਕੀਤੀ। ਓਏ ਭਲਿਓ, ਇਹੀ ਤਾਂ ਕਲਾ ਵਰਤਣੀ ਹੈ। ਜਿਹੜਾ ਪਹਿਲਾਂ ਟੁੱਟਿਆ ਹੋਇਆ ਸੀ ਉਹਨੂੰ ਗੁਰੂ ਨੇ ਕਿਰਪਾ ਕਰਕੇ ਜੋੜ ਲਿਆ। ਤੁਹਾਡੀ ਵਿਹੁਲੀ ਵਿਦਵਤਾ ਨੇ ਤਾਂ ਤੁਹਾਨੂੰ ਐਨਾ ਵੀ ਨਹੀਂ ਸਿਖਾਇਆ ਕਿ ਕਿਸੇ ਦੇ ਤੁਰ ਜਾਣ ਉੱਤੇ ਦੋ-ਚਾਰ ਦਿਨ ਆਪਣੀ ਨਫਰਤ ਦੀਆਂ ਲਗਾਮਾਂ ਕਿਵੇਂ ਖਿੱਚ ਕੇ ਰੱਖਣੀਆਂ ਹਨ।
ਜਿਹੜੇ ਓਹਨੂੰ ਗੱਦਾਰ ਦੱਸਦੇ ਸੀ ਉਹਨਾਂ ਨੂੰ ਕਿਸੇ ਕੁੱਤੇ ਨੇ ਵੀ ਨਹੀਂ ਪਛਾਣਨਾ। ਕਾਮਰੇਡਾਂ ਨੇ ਤਾਂ ਓਹਨੂੰ ਕੀ ਜਰਨਾ ਸੀ ਸਾਡੇ ਆਪਣਿਆਂ ਤੋਂ ਹੀ ਨਹੀਂ ਜਰਿਆ ਗਿਆ। ਹੁਣ ਤਾਂ ਇਹਨਾਂ ਨੂੰ ਆਪਣੇ ਕਹਿਣ ਨੂੰ ਵੀ ਜੀਅ ਨਹੀਂ ਕਰਦਾ।