ਅੰਮ੍ਰਿਤਸਰ, 15 ਫ਼ਰਵਰੀ, 2022:ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਕਾਂਗਰਸ ਪਾਰਟੀ ਦੇ ਹਲਕਾ ਪੂਰਬੀ ਤੋਂ ਉਮੀਦਵਾਰ ਸ: ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਨੂੰ ਆਪਣੇ ਹਲਕੇ ਵਿੱਚ ਇਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਇਕੋ ਸਾਹੇ ਦੋ ਮੁਆਫ਼ੀਆਂ ਮੰਗ ਲਈਆਂ।

ਸ: ਸਿੱਧੂ, ਜਿਨ੍ਹਾਂ ਦੇ ਬੀਤੇ ਦਿਨੀਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਅਨਿਲ ਜੋਸ਼ੀ ਦੇ ਖਿਲਾਫ਼ ਬਿਆਨ ਦਿੰਦੇ ਸਮੇਂ ਉਨ੍ਹਾਂਨੂੰ ‘ਕਾਲਾ ਬਾਹਮਣ’ ਕਹਿ ਕੇ ਸੰਬੋਧਨ ਕੀਤੇ ਜਾਣ ਦਾ ਮਾਮਲਾ ਤੂਲ ਫ਼ੜਦਾ ਜਾ ਰਿਹਾ ਸੀ ਨੇ ਅੱਜ ਆਪਣੇ ਵੱਲੋਂ ਇਸ ਵਿਵਾਦ ਨੂੰ ਖ਼ਤਮ ਕਰਦਿਆਂ ਬ੍ਰਾਹਮਣ ਸਮਾਜ ਤੋਂ ਮੁਆਫ਼ੀ ਮੰਗ ਲਈ ਪਰ ਸ੍ਰੀ ਅਨਿਲ ਜੋਸ਼ੀ ਪ੍ਰਤੀ ਆਪਣੇ ਤਿੱਖੇ ਤੇਵਰ ਢਿੱਲੇ ਨਹੀਂ ਪੈਣ ਦਿੱਤੇ ਅਤੇ ਕਿਹਾ ਕਿ ‘ਉਹ ਅਹਿਸਾਨ ਫ਼ਰਾਮੋਸ਼ ਬੰਦਾ’ ਹੈ।

ਸ: ਸਿੱਧੂ ਨੇ ਆਖ਼ਿਆ ਕਿ ਉਹਨਾਂ ਨੇ ਜੋ ਵੀ ਕਿਹਾ ਸੀ ਉਹ ਸਿਰਫ਼ ਇਕ ਬੰਦੇ ਅਨਿਲ ਜੋਸ਼ੀ ਲਈ ਕਿਹਾ ਸੀ, ਜਿਹੜਾ ਇਕ ਅਹਿਸਾਨ ਫ਼ਰਾਮੋਸ਼ ਬੰਦਾ ਹੈ, ਜੋ ਕੀਤੇ ਨੂੰ ਭੁੱਲ ਗਿਆ ਅਤੇ ਹੁਣ ਧਰਤੀ ਉਹਦਾ ਭਾਰ ਨਹੀਂ ਝੱਲਦੀ।

ਜ਼ਿਕਰਯੋਗ ਹੈ ਕਿ ਆਪਣੇ ਹਲਕੇ ਵਿੱਚ ਇਕ ਜਨਤਕ ਇਕੱਠ ਦੌਰਾਨ ਸ: ਸਿੱਧੂ ਨੇ ਸ੍ਰੀ ਜੋਸ਼ੀ ਨੂੰ ‘ਕਾਲਾ ਬਾਹਮਣ’ ਕਹਿ ਕੇ ਸੰਬੋਧਨ ਕੀਤਾ ਸੀ ਜਿਸ ਬਾਅਦ ਇਸ ’ਤੇ ਵਿਵਾਦ ਉੱਠ ਖੜ੍ਹਾ ਹੋਇਆ ਸੀ।

ਉਹਨਾਂ ਨੇ ਆਖ਼ਿਆ ਕਿ ਬ੍ਰਾਹਮਣ ਸਮਾਜ ਤਾਂ ਨਵਜੋਤ ਸਿੰਘ ਸਿੱਧੂ ਦੀ ਪੱਗ ਦਾ ਲੜ ਹੈ ਅਤੇ ਜੇ ਉਨ੍ਹਾਂ ਦੀ ਗੱਲ ਕਰਕੇ ਕਿਸੇ ਦਾ ਮਨ ਦੁਖ਼ਿਆ ਹੈ ਤਾਂ ਉਹ ਧਰਤੀ ’ਤੇ ਪਰਨਾ ਰੱਖ ਕੇ ਮੁਆਫ਼ੀ ਮੰਗਦੇ ਹਨ।


ਸ: ਸਿੱਧੂ ਨੇ ਇਸ ਮੌਕੇ ਆਪਣੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੇ ਲੋਕਾਂ ਅਤੇ ਵਰਕਰਾਂ ਨਾਲ ਸੰਪਰਕ ਨਾ ਰੱਖ ਸਕਣ ਬਾਰੇ ਵੀ ਬਿਨਾਂ ਕਿਸੇ ਹਿਚਕਿਚਾਹਟ ਦੇ ਮੁਆਫ਼ੀ ਮੰਗੀ ਅਤੇ ਕਿਹਾ ਕਿ 100 ਚੰਗੇ ਕੰਮ ਕਰਨ ਤੋਂ ਬਾਅਦ ਇਸ ਸੰਬੰਧੀ ਹੋਈ ਇਕ ਭੁੱਲ ਬਾਰੇ ਵੀ ਉਹ ਮੁਆਫ਼ੀ ਮੰਗਦੇ ਹਨ।

ਉਨ੍ਹਾਂ ਨੇ ਮੰਨਿਆਂ ਕਿ ਉਹ ਇਨਾਕਾ ਵਾਸੀਆਂ ਤੇ ਵਰਕਰਾਂ ਨਾਲ ਸਿੱਧਾ ਸੰਪਰਕ ਨਹੀਂ ਰੱਖ ਸਕੇ ਹਾਲਾਂਕਿ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਤਨੀ ਸ੍ਰੀਮਤੀ ਨਵਜੋਤ ਕੌਰ ਸਿੱਧੂ ਹਮੇਸ਼ਾ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵਿੱਚਰਦੇ ਰਹੇ ਹਨ। ਸ: ਸਿੱਧੂ ਨੇ ਕਿਹਾ ਕਿ ਉਹ ਪ੍ਰਣ ਕਰਦੇ ਹਨ ਕਿ ਹਲਕਾ ਪੂਰਬੀ ਦੇ ਲੋਕਾਂ ਲਈ ਇਕ ਵੱਖਰਾ ਮੋਬਾਇਲ ਨੰਬਰ ਹੋਵੇਗਾ ਅਤੇ ਕੋਈ ਵੀ ਵਰਕਰ ਭਾਵੇਂ ਰਾਤ ਨੂੰ 2 ਵਜੇ ਫ਼ੋਨ ਕਰੇ, ਸਿੱਧੂ ਖ਼ੁਦ ਹਾਜ਼ਰ ਹੋਵੇਗਾ।

ਇਸਦੇ ਨਾਲ ਹੀ ਸ: ਸਿੱਧੂ ਨੇ ਇਹ ਵੀ ਦਾਅਵਾ ਕੀਤਾ ਕਿ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਨਾ ਤਾਂ ਕਿਸੇ ਖਿਲਾਫ਼ ਨਾਜਾਇਜ਼ ਪਰਚੇ ਕਰਵਾਏ ਅਤੇ ਨਾ ਹੀ ਕੋਈ ਨਾਜਾਇਜ਼ ਕੰਮ ਕੀਤਾ। ਉਨ੍ਹਾਂ ਕਿਹਾ ਕਿ ਉਹ ਹਲਕੇ ਵਿੱਚ ਕੀਤੇ ਵਿਕਾਸ ਕਾਰਜਾਂ ਦਾ ਰਿਪੋਰਟ ਕਾਰਡ ਵੀ ਲੋਕਾਂ ਸਾਹਮਣੇ ਰੱਖਣਗੇ।