ਅਮਰੀਕਾ ਨੂੰ ਅਸੀਂ ਨਿੱਜੀ ਅਜ਼ਾਦੀ ਦੇ ਪੱਖ ਤੋਂ ਬਹੁਤ ਖੁੱਲ੍ਹਾ ਮੁਲਕ ਮੰਨਦੇ ਹਾਂ। ਸਾਡੀ ਧਾਰਨਾ ਹੈ ਕਿ ਉਥੇ ਤਲਾਕ ਆਮ ਹੈ ਅਤੇ ਕੋਈ ਕਿਸੇ ਨਾਲ ਵੀ ਸਬੰਧ ਬਣਾਵੇ, ਵਿਆਹਿਆ ਜਾਂ ਕੁਆਰਾ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ।
ਪਰ ਸ਼ਾਇਦ ਤੁਹਾਨੂੰ ਇਹ ਨਾ ਪਤਾ ਹੋਵੇ ਕਿ ਸਾਡੀਆਂ ਅਜਿਹੀਆਂ ਗਲਤ ਧਾਰਨਾਵਾਂ ਦੇ ਬਾਵਜੂਦ, ਅਮਰੀਕਾ ਵਿੱਚ ਨੈਤਿਕ ਪਰਿਵਾਰਿਕ ਜੀਵਨ ਦੀ ਬਹੁਤ ਮਹੱਤਤਾ ਹੈ। ਜਦੋਂ ਅਮਰੀਕਾ ਵਿੱਚ ਕੋਈ ਰਾਸ਼ਟਰਪਤੀ ਬਣਦਾ ਹੈ ਤਾਂ ਉਸ ਬੰਦੇ ਜਾਂ ਜ਼ਨਾਨੀ ਦਾ ਸਾਰਾ ਪਰਿਵਾਰ ਰਾਸ਼ਟਰਪਤੀ ਬਣਦਾ ਹੈ। ਉਨ੍ਹਾਂ ਦੀ ਕੱਲੀ ਕੱਲੀ ਗੱਲ ‘ਤੇ ਮੀਡੀਆ ਦੀ ਨਜ਼ਰ ਹੁੰਦੀ ਆ।‌ ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਰੋਜ਼ਾਨਾ ਜੀਵਨ ‘ਚ ਨੈਤਿਕ ਪਰਿਵਾਰਕ ਸੰਸਕਾਰਾਂ ਦਾ ਪ੍ਰਗਟਾਵਾ ਕਰਨ ਤਾਂ ਕਿ ਆਮ ਅਮਰੀਕੀਆਂ ਵਾਸਤੇ ਸਹੀ ਮਿਸਾਲ ਕਾਇਮ ਹੋਵੇ। ਅਮਰੀਕਾ ਵਿੱਚ ਆਗੂ ਚੁਣਨ ਵੇਲੇ ਉਸ ਦੇ ਪਰਿਵਾਰਕ ਜੀਵਨ ਨੂੰ ਧਿਆਨ ਨਾਲ ਵਾਚਿਆ ਜਾਂਦਾ ਹੈ। ਆਮ ਜੀਵਨ ਵਿੱਚ ਵੀ ਕੋਈ ਜੋੜਾ ਜਿੰਨਾ ਜਿਆਦਾ ਨਿੱਭਦਾ ਹੈ। ਉਸ ਦੀ ਓਨੀ ਜ਼ਿਆਦਾ ਇੱਜਤ ਹੁੰਦੀ ਹੈ।

ਟਰੰਪ ਦਾ ਬਹੁਤੀਆਂ ਜ਼ਨਾਨੀਆਂ ਨਾਲ ਸਬੰਧ, ਕਮਜ਼ੋਰ ਪਰਵਾਰਿਕ ਜੀਵਨ ਅਤੇ ਉਸ ਦੀ ਮੌਜੂਦਾ ਘਰਵਾਲੀ ਦੀਆਂ ਨੰਗੀਆਂ ਫੋਟੋਆਂ ਨੇ ਉਸ ਖਿਲਾਫ ਮਾਹੌਲ ਤਿਆਰ ਕਰਨ ਵਿੱਚ ਬਹੁਤ ਯੋਗਦਾਨ ਪਾਇਆ।
ਅਰੂਸਾ ਆਲਮ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸਬੰਧੀ ਕੱਲ ਵੀਡੀਉ ਆਈ ਸੀ। ਇਹੀ ਵੀਡੀਉ ਜੇ ਕੈਪਟਨ ਦੀ ਥਾਂ ‘ਤੇ ਅਮਰੀਕਾ ਦੇ ਕਿਸੇ ਆਗੂ ਦੀ ਆਈ ਹੁੰਦੀ ਤਾਂ ਹੁਣ ਤੱਕ ਉਸ ਆਗੂ ਦੀ ਸਿਆਸਤ ‘ਚੋਂ ਵਿਦਾਈ ਦੀ ਤਿਆਰੀ ਹੋ ਚੁੱਕੀ ਹੁੰਦੀ। ਉਥੋਂ ਦੇ ਪੱਤਰਕਾਰਾਂ ਨੇ ਇਸ ਵੀਡੀਓ ਨੂੰ ਬ੍ਰੇਕਿੰਗ ਨਿਊਜ਼ ਬਣਾਉਣਾ ਸੀ।

ਅਰੂਸਾ ਆਲੀ ਵੀਡੀਉ ‘ਚ ਦੋ ਗੱਲਾਂ ਨੇ। ਇਕ ਤਾਂ ਇਹ ਪੰਜਾਬ ਦੀਆਂ ਨੈਤਿਕ ਕਦਰਾਂ-ਕੀਮਤਾਂ ਦਾ ਮਜ਼ਾਕ ਉਡਾਉਂਦੀ ਹੈ। ਦੂਸਰਾ ਇਸ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਪੰਜਾਬ ਦੇ ਲੋਕਾਂ ਵਲੋਂ ਦਿੱਤੇ ਟੈਕਸ ਚੋਂ ਤਨਖਾਹਾਂ ਲੈਣ ਵਾਲੇ ਅਫਸਰ ਕੀ ਕਰ ਰਹੇ ਹਨ।

ਪਾਕਿਸਤਾਨ ਤੋਂ ਆਈ ਪਾਕਿਸਤਾਨ ਦੇ ਰੱਖਿਆ ਸਬੰਧੀ ਮਾਮਲਿਆਂ ਦੀ ਪੱਤਰਕਾਰ ਅਰੂਸਾ, ਪੰਜਾਬ ਪੁਲਿਸ ਦੇ ਅਫਸਰਾਂ ਦੀ ਡਿਊਟੀ ਸੀਤਾ ਫਲ਼ ਅਤੇ ਚੀਕੂ ਦੀ ਰਾਖੀ ਵਾਸਤੇ ਲਾਉਣ ਲਈ ਕਹਿ ਰਹੀ ਹੈ।
ਮੰਨ ਲਿਆ ਕਿ ਪੰਜਾਬੀ ਪੱਤਰਕਾਰ ਬਹੁਤ ਅਗਾਂਹਵਧੂ ਹਨ। ‘ਤੇ ਕੈਪਟਨ ਅਤੇ ਅਰੂਸਾ ਦੀ ਆਪਸੀ ਚੋਹਲ ਮੋਹਲ ਨੂੰ ਖਬਰ ਨਹੀਂ ਮੰਨਦੇ। ਪਰ ਲੋਕਾਂ ਦੇ ਪੈਸੇ ਚੋਂ ਤਨਖਾਹ ਲੈ ਕੇ ਪੈਨਸ਼ਨ ਤੋਂ ਬਾਅਦ ਵੀ ਆਪਣੀਆਂ ਜੇਬਾਂ ਭਰ ਰਹੇ ਪੁਲਿਸ ਅਫਸਰ ਤੋਂ ਇਨ੍ਹਾਂ ਤਾਂ ਪੁੱਛਿਆ ਜਾ ਸਕਦਾ ਹੈ ਕਿ ਉਹ ਕੰਮ ਕੀ ਕਰਦਾ ਹੈ!

ਕੈਪਟਨ ਤੋਂ ਇਸ ਸਬੰਧੀ ਸਪਸ਼ਟੀਕਰਨ ਕਿਉਂ ਨਹੀਂ ਲਿਆ ਜਾਣਾ ਚਾਹੀਦਾ ?ਜਿਸ ਪਾਕਿਸਤਾਨ ‘ਚੋਂ ਅਰੂਸਾ ਆਈ ਹੈ। ਕਰਤਾਰਪੁਰ ਲਾਂਘੇ ਦਾ ਲੁਕਵਾਂ ਵਿਰੋਧ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੇ ਉਸ ਪਾਕਿਸਤਾਨ ਨੂੰ ਗਾਲ਼ਾਂ ਕੱਢ ਕੇ ਦਿੱਲੀ ਦੇ ਸੈਕੂਲਰ ਅਤੇ ਭਾਜਪਾ ਪੱਖੀ ਪੱਤਰਕਾਰਾਂ ਤੋਂ ਰਾਸ਼ਟਰਵਾਦੀ ਹੋਣ ਦਾ ਦੂਹਰਾ ਸਰਟੀਫਿਕੇਟ ਲਿਆ ਹੋਇਆ ਹੈ।

ਇਹੀ ਦੋਹਰਾ ਸਰਟੀਫਿਕੇਟ ਨਾ ਸਿਰਫ ਪੱਤਰਕਾਰਾਂ, ਸਗੋਂ ਵਿਰੋਧੀ ਪਾਰਟੀਆਂ ਦਾ ਵੀ ਮੂੰਹ ਬੰਨ੍ਹੀ ਬੈਠਾ ਹੈ।
ਪੱਤਰਕਾਰ ਕੱਲ ਤੋਂ ਉਹ ਵੀਡੀਉ ਘਸਾ ਰਹੇ ਨੇ ਜਿਸ ਵਿੱਚ ਇਕ ਹੇਠਲਾ ਪੁਲਿਸ ਮੁਲਾਜ਼ਮ ਰੇਹੜੀ ਤੋਂ ਆਂਡੇ ਚੁੱਕ ਰਿਹਾ ਹੈ। ਕੀ ਪੰਜਾਬੀ ਪੱਤਰਕਾਰ ਇਸ ਪੁਲਿਸ ਮੁਲਾਜਮ ਖਿਲਾਫ ਤਾਂ ਵੀ ਬੋਲਦੇ ਜੇ ਇਹਦਾ ਜ਼ਿਕਰ ਅਰੂਸਾ ਆਲਮ ਕਰਦੀ ਅਤੇ ਇਹ ਖੂਬੀ ਰਾਮ ਵਾਂਗ ਵੱਡੇ ਅਹੁਦੇ ‘ਤੇ ਹੁੰਦਾ..?