ਸ਼ਹਿਰ ਵਿਚ ਗੁੰਡਾਗਰਦੀ ਕਰਨ ਵਾਲੇ ਫਤਿਹ ਗੈਂਗ ਦੇ ਮੁਖੀ ਗਿਆਨੀ ਉਰਫ਼ ਫਤਿਹ, ਅਮਨ ਅਤੇ ਰੌਕੀ ਨੂੰ ਸੀ. ਆਈ. ਏ. ਸਟਾਫ਼-1 ਨੇ 3 ਦਿਨਾਂ ਦੇ ਰਿਮਾਂਡ ’ਤੇ ਲਿਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਹ ਪਿਛਲੇ 3 ਸਾਲਾਂ ਤੋਂ ਸ਼ਹਿਰ ਵਿਚ ਗੈਰ-ਕਾਨੂੰਨੀ ਕੰਮ ਕਰਨ ਵਾਲੇ ਲੋਕਾਂ ਤੋਂ ਹਫ਼ਤਾ ਵਸੂਲ ਕੇ ਗੈਂਗ ਦਾ ਖ਼ਰਚਾ ਚਲਾ ਰਹੇ ਸਨ। ਅਮਨ, ਫਤਿਹ ਅਤੇ ਰੌਕੀ ਤੋਂ ਜੋ ਲਗਜ਼ਰੀ ਗੱਡੀਆਂ ਮਿਲੀਆਂ ਹਨ, ਉਨ੍ਹਾਂ ਵਿਚੋਂ ਇਕ ਗੱਡੀ ਅਮਨ ਦੀ ਕਥਿਤ ਪ੍ਰੇਮਿਕਾ ਮੋਨਿਕਾ ਦੀ ਹੈ। ਮੋਨਿਕਾ ਨੇ ਅਮਨ ਨੂੰ ਖ਼ੁਦ ਦਾ ਮੋਬਾਇਲ ਵੀ ਦਿੱਤਾ ਹੋਇਆ ਸੀ ਜਦਕਿ ਅਮਨ ਉਸੇ ਦੇ ਘਰ ਵੀ ਰਹਿੰਦਾ ਸੀ।

ਸੀ. ਆਈ. ਏ. ਸਟਾਫ਼ ਟੀਮ ਹੁਣ ਅਮਨ ਨੂੰ ਸੁਰੱਖਿਆ ਦੇਣ ਦੇ ਦੋਸ਼ ’ਚ ਮੋਨਿਕਾ ਨੂੰ ਨਾਮਜ਼ਦ ਕਰਨ ਦੀ ਤਿਆਰੀ ਕਰ ਰਹੀ ਹੈ। ਸੀ. ਆਈ. ਏ. ਸਟਾਫ਼ ਦੇ ਇੰਚਾਰਜ ਭਗਵੰਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਕੋਲ ਇਕ ਹੋਰ 32 ਬੋਰ ਦਾ ਵੈਪਨ ਹੈ, ਜਿਸ ਨੂੰ ਜਲਦ ਬਰਾਮਦ ਕੀਤਾ ਜਾਵੇਗਾ। ਪੁੱਛਗਿੱਛ ਵਿਚ ਇਹ ਗੱਲ ਵੀ ਪਤਾ ਲੱਗੀ ਹੈ ਕਿ ਅਮਨ, ਫਤਿਹ ਅਤੇ ਰੌਕੀ ਤੋਂ ਜੋ 32 ਬੋਰ ਅਤੇ 30 ਬੋਰ ਦੇ ਵੈਪਨ ਬਰਾਮਦ ਹੋਏ, ਉਹ ਸਪੈਸ਼ਲ ਮੇਰਠ ਤੋਂ ਮੰਗਵਾਏ ਗਏ ਸਨ। ਪੁਲਸ ਦੀ ਮੰਨੀਏ ਤਾਂ ਉਕਤ ਹਥਿਆਰ ਕਾਫ਼ੀ ਚੰਗੀ ਕੁਆਲਿਟੀ ਦੇ ਹਨ। ਅਮਨ, ਫਤਿਹ, ਰੌਕੀ ਅਤੇ ਸ਼ੇਰੂ ਜ਼ਿਆਦਾਤਰ ਇਕੱਠੇ ਹੀ ਹੁੰਦੇ ਸਨ, ਹਾਲਾਂਕਿ ਜਦੋਂ ਕੋਈ ਵਾਰਦਾਤ ਨੂੰ ਅੰਜਾਮ ਦਿੰਦੇ ਸਨ ਤਾਂ ਰੌਕੀ ਲੁਧਿਆਣਾ ਵਿਚ ਆਪਣੀ ਪ੍ਰੇਮਿਕਾ ਦੇ ਘਰ ਲੁਕ ਜਾਂਦਾ ਸੀ, ਜਦਕਿ ਫਤਿਹ ਮੋਗਾ ਭੱਜ ਜਾਂਦਾ ਸੀ। ਅਮਨ ਜਲੰਧਰ ਵਿਚ ਰਹਿੰਦੀ ਆਪਣੀ ਪ੍ਰੇਮਿਕਾ ਦੇ ਘਰ ਲੁਕ ਕੇ ਕੁਝ ਦਿਨ ਗਾਇਬ ਰਹਿੰਦਾ ਸੀ ਅਤੇ ਜਦੋਂ ਮਾਮਲਾ ਠੰਡਾ ਹੁੰਦਾ ਸੀ ਤਾਂ ਫਿਰ ਸਾਰੇ ਇਕੱਠੇ ਹੋ ਜਾਂਦੇ ਸਨ।

ਮੁਲਜ਼ਮਾਂ ਤੋਂ ਜੋ ਇਨੋਵਾ ਗੱਡੀ ਮਿਲੀ ਹੈ, ਉਹ ਫਤਿਹ ਦੇ ਪਿਤਾ ਦੀ ਹੈ। ਪਿਛਲੇ 3 ਸਾਲਾਂ ਤੋਂ ਅਮਨ, ਫਤਿਹ, ਰੌਕੀ ਅਤੇ ਸ਼ੇਰੂ ਲਾਟਰੀ ਵਾਲਿਆਂ, ਸ਼ਰਾਬ ਸਮੱਗਲਰਾਂ, ਦੜਾ-ਸੱਟਾ ਵਾਲਿਆਂ, ਜੂਏ ਦੇ ਅੱਡੇ ਚਲਾਉਣ ਵਾਲਿਆਂ ਅਤੇ ਬੁੱਕੀਆਂ ਤੋਂ ਡਰਾ-ਧਮਕਾ ਕੇ ਪੈਸੇ ਵਸੂਲਦੇ ਸਨ। ਫਤਿਹ ਗੈਂਗ ਦਾ ਕਿਸੇ ਹੋਰ ਗੈਂਗ ਨਾਲ ਕੋਈ ਲਿੰਕ ਨਹੀਂ ਨਿਕਲਿਆ। ਪੁਲਸ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਹੋਰ ਵੀ ਕਈ ਕੇਸ ਸਾਹਮਣੇ ਆ ਸਕਦੇ ਹਨ, ਜਿਨ੍ਹਾਂ ਨੂੰ ਫਤਿਹ ਗੈਂਗ ਨੇ ਅੰਜਾਮ ਦਿੱਤਾ ਹੈ। ਪੁਲਸ ਹੁਣ ਇਨ੍ਹਾਂ ਮੁਲਜ਼ਮਾਂ ਨੂੰ ਪਨਾਹ ਦੇਣ ਵਾਲਿਆਂ ’ਤੇ ਸ਼ਿਕੰਜਾ ਕੱਸਣ ਦੀ ਤਿਆਰੀ ਵਿਚ ਹੈ।

ਪੁਲਸ ਦੀ ਮੰਨੀਏ ਤਾਂ ਉਹ ਕਾਫੀ ਸਮੇਂ ਤੋਂ ਅਮਨ, ਫਤਿਹ ਅਤੇ ਰੌਕੀ ਦੀ ਤਲਾਸ਼ ਕਰ ਰਹੀ ਸੀ। ਅਜਿਹੇ ਵਿਚ ਪਿਛਲੇ ਦਿਨੀਂ ਰਾਮ ਨਗਰ ਵਿਚ ਗਾਂਧੀ ਨਾਮਕ ਵਿਅਕਤੀ ਅਤੇ ਉਸਦੇ ਸਾਥੀਆਂ ’ਤੇ ਫਾਇਰਿੰਗ ਕੀਤੀ ਗਈ। ਸੀ. ਆਈ. ਏ. ਸਟਾਫ-1 ਜਾਂਚ ਲਈ ਮੌਕੇ ’ਤੇ ਪਹੁੰਚਿਆ। ਪਤਾ ਲੱਗਾ ਕਿ ਜਿਨ੍ਹਾਂ ਲੋਕਾਂ ਨੇ ਗੋਲੀਆਂ ਚਲਾਈਆਂ ਹਨ, ਉਹ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਏ ਹਨ। ਸੀ. ਆਈ. ਏ. ਸਟਾਫ ਦੀ ਟੀਮ ਨੇ ਜਦੋਂ ਫੁਟੇਜ ਦੇਖੀ ਤਾਂ ਉਸ ਵਿਚ ਅਮਨ ਅਤੇ ਫਤਿਹ ਪਿਸਤੌਲ ਲਹਿਰਾਉਂਦੇ ਦਿਖਾਈ ਦਿੱਤੇ। ਉਸੇ ਰਾਤ ਤੋਂ ਸੀ. ਆਈ. ਏ. ਸਟਾਫ ਨੇ ਚੱਪੇ-ਚੱਪੇ ’ਤੇ ਸਰਗਰਮੀ ਵਧਾ ਦਿੱਤੀ, ਜਿਸ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਦੇ ਇਕ ਹੋਰ ਸਾਥੀ ਸ਼ੇਰੂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ। ਇੰਸ. ਭਗਵੰਤ ਸਿੰਘ ਦਾ ਕਹਿਣਾ ਹੈ ਕਿ ਸ਼ੇਰੂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੇਰ ਰਾਤ ਪੁਲਸ ਉਸ ਦੀ ਤਲਾਸ਼ ’ਚ ਰੇਡ ਲਈ ਵੀ ਨਿਕਲੀ ਸੀ। ਸ਼ੇਰੂ ਸੋਢਲ ਨਗਰ ਵਿਚ ਵੀ ਗੋਲੀਆਂ ਚਲਾ ਚੁੱਕਾ ਹੈ, ਜਦਕਿ ਉਸਦੇ ਖ਼ਿਲਾਫ਼ ਵੀ ਕਈ ਅਪਰਾਧਿਕ ਕੇਸ ਦਰਜ ਹਨ।

ਮੁਲਜ਼ਮਾਂ ਨੇ ਮੰਨਿਆ ਕਿ ਉਹ ਸ਼ਹਿਰ ਵਿਚ ਖੁਦ ਦੇ ਨਾਂ ਅੱਗੇ ਗੈਂਗਸਟਰ ਦਾ ਟੈਗ ਲਾਉਣਾ ਚਾਹੁੰਦੇ ਸਨ, ਇਸ ਲਈ ਹਰ ਵਾਰ ਕੁੱਟਮਾਰ ਦੀ ਵੀਡੀਓ ਬਣਾ ਕੇ ਵਾਇਰਲ ਕਰਦੇ ਸਨ ਤਾਂ ਜੋ ਲੋਕਾਂ ਤੱਕ ਵੀ ਵੀਡੀਓ ਪਹੁੰਚ ਸਕੇ। ਸੂਤਰਾਂ ਦੀ ਮੰਨੀਏ ਤਾਂ ਅਮਨ ਅਤੇ ਫਤਿਹ ਆਪਣੇ ਕੁਝ ਵਿਰੋਧੀਆਂ ਨੂੰ ਸਬਕ ਸਿਖਾਉਣ ਦੀ ਵੀ ਤਿਆਰੀ ਕਰ ਰਹੇ ਸਨ ਪਰ ਉਸ ਤੋਂ ਪਹਿਲਾਂ ਹੀ ਉਹ ਫੜੇ ਗਏ। ਓਧਰ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਭਗਵੰਤ ਸਿੰਘ ਨੇ ਕਿਹਾ ਕਿ ਇਸ ਗੈਂਗ ਦੇ ਨਾਲ ਜੋ ਵੀ ਜੁੜਿਆ ਹੋਵੇਗਾ, ਉਹ ਗ੍ਰਿਫ਼ਤਾਰ ਕੀਤਾ ਜਾਵੇਗਾ। ਫਿਲਹਾਲ ਅਮਨ, ਫਤਿਹ ਅਤੇ ਰੌਕੀ ਖ਼ਿਲਾਫ਼ ਜਿਨ੍ਹਾਂ-ਜਿਨ੍ਹਾਂ ਥਾਣਿਆਂ ਵਿਚ ਕੇਸ ਦਰਜ ਹੈ ਅਤੇ ਜਿਨ੍ਹਾਂ ਵਿਚ ਉਹ ਵਾਂਟੇਡ ਹਨ, ਉਨ੍ਹਾਂ ਥਾਣਿਆਂ ਦੀ ਪੁਲਸ ਉਨ੍ਹਾਂ ਸਾਰੇ ਕੇਸਾਂ ਵਿਚ ਉਨ੍ਹਾਂ ਦੀ ਗ੍ਰਿਫ਼ਤਾਰੀ ਦਿਖਾਏਗੀ।