ਕਮਿਸ਼ਨਰੇਟ ਪੁਲਸ ਨੇ ਮਕਸੂਦਾਂ ਫਲਾਈਓਵਰ ਦੇ ਹੇਠਾਂ (ਮੋਤੀ ਨਗਰ) ਵਿਚ ਐੱਚ. ਐੱਲ. ਰੈਸਟੋਰੈਂਟ ਦੀ ਆੜ ਵਿਚ ਚੱਲ ਰਹੇ ਹੁੱਕਾ ਬਾਰ ’ਤੇ ਰੇਡ ਕਰ ਕੇ ਲਗਭਗ 13 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਇਹ ਰੇਡ ਏ. ਸੀ. ਪੀ. ਨਾਰਥ ਦੀ ਅਗਵਾਈ ਵਿਚ ਕੀਤੀ ਗਈ। ਰੇਡ ਦੌਰਾਨ ਰੈਸਟੋਰੈਂਟ ਵਿਚੋਂ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਹਨ, ਜਿਸ ਤੋਂ ਬਾਅਦ ਐਕਸਾਈਜ਼ ਵਿਭਾਗ ਦੀ ਟੀਮ ਨੂੰ ਵੀ ਮੌਕੇ ’ਤੇ ਬੁਲਾ ਲਿਆ ਗਿਆ। ਪੁਲਸ ਨੇ ਰੈਸਟੋਰੈਂਟ ’ਚੋਂ 6 ਦੇ ਲਗਭਗ ਹੁੱਕੇ ਬਰਾਮਦ ਕੀਤੇ ਹਨ, ਹਾਲਾਂਕਿ ਛਾਪੇਮਾਰੀ ਦੌਰਾਨ ਰੈਸਟੋਰੈਂਟ ਦੇ ਕਰਿੰਦਿਆਂ ਨੇ ਕੁਝ ਹੁੱਕੇ ਗੁਆਂਢ ਵਿਚ ਵੀ ਸੁੱਟ ਦਿੱਤੇ ਸਨ।

ਦੱਸਿਆ ਜਾ ਰਿਹਾ ਹੈ ਕਿ ਰੈਸਟੋਰੈਂਟ ਵਿਚ ਹੁੱਕੇ ਦੇ ਨਾਲ-ਨਾਲ ਨਾਜਾਇਜ਼ ਢੰਗ ਨਾਲ ਸ਼ਰਾਬ ਵੀ ਪਿਆਈ ਜਾ ਰਹੀ ਸੀ। ਪੁਲਸ ਨੇ ਹੁੱਕਾ ਬਾਰ ਦੇ ਕਰਿੰਦਿਆਂ ਤੇ ਗਾਹਕਾਂ ਨੂੰ ਹਿਰਾਸਤ ਵਿਚ ਲਿਆ ਹੈ। ਰੈਸਟੋਰੈਂਟ ਦੀ ਉਪਰਲੀ ਮੰਜ਼ਿਲ ’ਤੇ ਲੜਕੇ-ਲੜਕੀਆਂ ਨੂੰ ਬਿਠਾਉਣ ਲਈ ਛੋਟੇ-ਛੋਟੇ ਕੈਬਿਨ ਵੀ ਬਣਾਏ ਹੋਏ ਸਨ। ਹੁੱਕਾ ਬਾਰ ਦਾ ਮਾਲਕ ਇੰਨਾ ਚਲਾਕ ਸੀ ਕਿ ਉਸਨੇ ਰਸੋਈ ਤੀਜੀ ਮੰਜ਼ਿਲ ’ਤੇ ਬਣਾਈ ਹੋਈ ਸੀ ਤਾਂ ਕਿ ਪੁਲਸ ਨੂੰ ਪਤਾ ਨਾ ਲੱਗ ਸਕੇ। ਪੁਲਸ ਨੇ ਮੌਕੇ ਤੋਂ ਸ਼ਰਾਬ ਦੀਆਂ 14 ਬੋਤਲਾਂ ਤੇ ਹੁੱਕੇ ਬਰਾਮਦ ਕੀਤੇ ਹਨ।

ਹੈਰਾਨੀ ਦੀ ਗੱਲ ਹੈ ਕਿ ਲਗਭਗ 6 ਮਹੀਨਿਆਂ ਤੋਂ ਇਹ ਹੁੱਕਾ ਬਾਰ ਚੱਲ ਰਿਹਾ ਸੀ। ਇਸ ਹੁੱਕਾ ਬਾਰ ਦੇ ਹੇਠਾਂ ਗੋਦਾਮ ਲਈ ਜਗ੍ਹਾ ਛੱਡੀ ਗਈ ਸੀ ਪਰ ਉੱਪਰ ਅੱਯਾਸ਼ੀ ਦਾ ਅੱਡਾ ਚੱਲ ਰਿਹਾ ਸੀ। ਹੁੱਕਾ ਬਾਰ ਖੁੱਲ੍ਹੇ ਹੋਣ ਦੀ ਕਿਸੇ ਨੂੰ ਜਾਣਕਾਰੀ ਨਹੀਂ ਸੀ। ਥਾਣੇ ਵਿਚ ਸੈਟਿੰਗ ਕਰਨ ਤੋਂ ਬਾਅਦ ਇਹ ਲੋਕ ਰੈਸਟੋਰੈਂਟ ਦੀ ਆੜ ਵਿਚ ਨਾਜਾਇਜ਼ ਕੰਮ ਕਰ ਰਹੇ ਸਨ। ਉਸੇ ਥਾਣੇ ਵਿਚ ਕੇਸ ਦਰਜ ਕਰਨ ਦੀ ਕਾਰਵਾਈ ਚੱਲ ਰਹੀ ਹੈ।ਇਸ ਰੇਡ ਉਪਰੰਤ ਬੀ. ਐੱਮ. ਡਬਲਯੂ. ਗੱਡੀ ਵਿਚ ਆਏ 3 ਨੌਜਵਾਨਾਂ ਨੂੰ ਛੱਡ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਸਿਆਸੀ ਪਾਰਟੀਆਂ ਨਾਲ ਜੁੜੇ ਹੋਏ ਸਨ, ਜਿਸ ਕਾਰਨ ਉਨ੍ਹਾਂ ਪੁਲਸ ਨੂੰ ਫੋਨ ਕਰਵਾਏ। ਫੋਨ ਆਉਣ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਜਾਣ ਦਿੱਤਾ।