ਟਾਂਡਾ ਉੜਮੁੜ – ਪਿੰਡ ਮਿਆਣੀ ਵਿਚ ਪਤੰਗ ਫੜ੍ਹਦੇ ਸਮੇਂ 6 ਵਰ੍ਹਿਆਂ ਦੇ ਬੱਚੇ ਦੀ ਛੱਪੜ ਵਿਚ ਡੁੱਬਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਛੱਪੜ ’ਚ ਡੁੱਬੇ ਭਰਾ ਨੂੰ ਬਚਾਉਣ ਲਈ ਪਾਣੀ ਵਿਚ ਛਾਲ ਮਾਰ ਦੇਣ ਵਾਲੀ ਉਸਦੀ ਭੈਣ ਨੂੰ ਲੋਕਾਂ ਨੇ ਬਚਾਅ ਲਿਆ। ਮੌਤ ਦਾ ਸ਼ਿਕਾਰ ਹੋਏ ਬੱਚੇ ਦੀ ਪਛਾਣ ਰਾਜਵੀਰ ਪੁੱਤਰ ਪਰਮੇਸ਼ਵਰ ਦਿਆਲ ਰਵੀ ਵਾਸੀ ਬੁਸਨਪੁਰ (ਬਰੇਲੀ), ਉੱਤਰ ਪ੍ਰਦੇਸ਼ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਦੁਪਹਿਰ ਇਕ ਵਜੇ ਦੇ ਕਰੀਬ ਉਸ ਸਮੇਂ ਵਾਪਰਿਆ, ਜਦੋਂ ਮਿਆਣੀ ਵਿਖੇ ਪਰਿਵਾਰ ਸਮੇਤ ਰਹਿੰਦਾ ਛੋਲੇ ਕੁਲਚੇ ਵੇਚਣ ਵਾਲੇ ਰਵੀ ਦਾ ਪੁੱਤਰ ਪਤੰਗ ਉਡਾ ਰਹੇ ਬੱਚਿਆਂ ਨਾਲ ਛੱਪੜ ਨੇੜੇ ਮੌਜੂਦ ਸੀ। ਅਚਾਨਕ ਆਪਣਾ ਸੰਤੁਲਨ ਗੁਆਉਣ ਕਾਰਨ ਉਹ ਛੱਪੜ ਵਿਚ ਡਿੱਗ ਪਿਆ। ਉੱਥੇ ਮੌਜੂਦ ਉਸਦੀ 14 ਸਾਲਾ ਭੈਣ ਸੁਹਾਨਾ ਨੇ ਵੀ ਉਸਨੂੰ ਬਚਾਉਣ ਲਈ ਡੂੰਘੇ ਪਾਣੀ ਵਿਚ ਛਾਲ ਮਾਰ ਦਿੱਤੀ। ਦੋਵਾਂ ਬੱਚਿਆਂ ਨੂੰ ਡੁੱਬਦਾ ਦੇਖ ਕੇ ਕਿਸੇ ਰਾਹਗੀਰ ਨੇ ਬੱਚੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਇਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਨੇ ਗੋਤਾਖੋਰਾਂ ਦੀ ਮਦਦ ਨਾਲ ਬਚਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਕਰੀਬ ਡੇਢ ਘੰਟੇ ਬਾਅਦ ਉਸ ਨੂੰ ਬਾਹਰ ਕੱਢ ਕੇ ਟਾਂਡਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪਿੰਡ ਦੇ ਸਾਬਕਾ ਸਰਪੰਚ ਹਰਬੰਸ ਸਿੰਘ ਚੌਹਾਨ ਅਤੇ ਪੰਚ ਬਲਜੀਤ ਸਿੰਘ ਨੇ ਦੱਸਿਆ ਕਿ ਉਸਾਰੀ ਅਧੀਨ ਇਸ ਛੱਪੜ ਦੁਆਲੇ ਸੁਰੱਖਿਆ ਜਾਲੀ ਲਾਈ ਹੋਈ ਹੈ। ਬੱਚੇ ਮਜ਼ਦੂਰਾਂ ਲਈ ਬਣਾਏ ਛੋਟੇ ਰਾਹ ਰਾਹੀਂ ਅੰਦਰ ਦਾਖਲ ਹੋਏ ਸਨ।