ਅਦਾਕਾਰ ਸਲਮਾਨ ਖ਼ਾਨ ਵਲੋਂ ਆਪਣੇ ਗੁਆਂਢੀ ਖ਼ਿਲਾਫ਼ ਮਾਨਹਾਨੀ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਹਾਲਾਂਕਿ ਇਸ ਕੇਸ ’ਚ ਮੁੰਬਈ ਸਿਟੀ ਸਿਵਲ ਕੋਰਟ ਨੇ ਸ਼ੁੱਕਰਵਾਰ ਨੂੰ ਕੋਈ ਅੰਤਰਿਮ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ।

ਸਲਮਾਨ ਖ਼ਾਨ ਨੇ ਦੋਸ਼ ਲਗਾਇਆ ਹੈ ਕਿ ਮੁੰਬਈ ਕੋਲ ਪਨਵੇਲ ’ਚ ਉਨ੍ਹਾਂ ਦੇ ਫਾਰਮਹਾਊਸ ਦੇ ਕੋਲ ਇਕ ਭੂਖੰਡ ਮਾਲਕ ਕੇਤਨ ਕੱਕੜ ਨੇ ਇਕ ਯੂਟਿਊਬ ਚੈਨਲ ਨਾਲ ਇੰਟਰਵਿਊ ਦੌਰਾਨ ਉਸ ਪ੍ਰਤੀ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ।

ਸੁਣਵਾਈ ਦੌਰਾਨ ਜੱਜ ਅਨਿਲ ਲੱਦੜ ਨੇ ਕੱਕੜ ਨੂੰ ਆਪਣਾ ਜਵਾਬ ਦਾਖ਼ਲ ਕਰਨ ਦਾ ਹੁਕਮ ਦਿੱਤਾ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 21 ਜਨਵਰੀ ਨੂੰ ਤੈਅ ਕੀਤੀ ਹੈ।

ਸਲਮਾਨ ਖ਼ਾਨ ਨੇ ਵਕੀਲਾਂ ਨੇ ਮੁਕੱਦਮੇ ਦੇ ਪੈਂਡਿੰਗ ਰਹਿਣ ਦੌਰਾਨ ਕੱਕੜ ਵਲੋਂ ਕੋਈ ਹੋਰ ਅਜਿਹਾ ਬਿਆਨ ਦੇਣ ਤੋਂ ਰੋਕਣ ਲਈ ਇਕ ਅੰਤਰਿਮ ਹੁਕਮ ਜਾਰੀ ਕਰਨ ਦੀ ਮੰਗ ਕੀਤੀ। ਹਾਲਾਂਕਿ ਕੱਕੜ ਦੇ ਵਕੀਲਾਂ ਆਭਾ ਸਿੰਘ ਤੇ ਆਦਿਤਿਆ ਪ੍ਰਤਾਬ ਨੇ ਮੰਗ ਦਾ ਵਿਰੋਧ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵੀਰਵਾਰ ਸ਼ਾਮ ਨੂੰ ਹੀ ਮਾਮਲੇ ਦੇ ਕਾਗਜ਼ਾਤ ਮਿਲੇ ਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਹੀਂ ਦੇਖਿਆ ਜਾ ਸਕਿਆ।