ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦਾ ਹੀ ਨਹੀਂ ਸਗੋ ਹਿੰਦੀ ਫ਼ਿਲਮ ਇੰਡਸਟਰੀ ਦਾ ਵੀ ਵੱਡਾ ਨਾਂ ਬਣ ਗਿਆ ਹੈ, ਜਿਨ੍ਹਾਂ ਦੇ ਪ੍ਰਸ਼ੰਸਕ ਲੱਖਾਂ ਨਹੀਂ ਕਰੋੜਾਂ ‘ਚ ਹਨ। ਦਿਲਜੀਤ ਦੁਸਾਂਝ ਭਾਵੇਂ ਅੱਜ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਪਰ ਇੱਕ ਮੱਧ ਵਰਗੀ ਪਰਿਵਾਰ ‘ਚ ਪਲੇ ਦਿਲਜੀਤ ਦੋਸਾਂਝ ਨੇ ਆਪਣੀ ਜ਼ਿੰਦਗੀ ‘ਚ ਇੱਕ ਅਜਿਹਾ ਦੌਰ ਵੀ ਦੇਖਿਆ ਜਦੋਂ ਉਸ ਦੇ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ। ਅੱਜ ਇਹ ਗਾਇਕ ਆਪਣੀ ਹੀ ਤਾਲ ‘ਤੇ ਦੁਨੀਆ ਨੂੰ ਨੱਚਾ ਰਿਹਾ ਹੈ।

10ਵੀਂ ਪਾਸ ਹੈ ਦਿਲਜੀਤ ਦੋਸਾਂਝ
ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਸਿਰਫ਼ 10ਵੀਂ ਪਾਸ ਹੈ। ਉਨ੍ਹਾਂ ਨੇ ਮੁੱਢਲੀ ਪੜ੍ਹਾਈ ਪੰਜਾਬ ਦੇ ਪਿੰਡ ਦੁਸਾਂਝ ਕਲਾਂ ਤੋਂ ਕੀਤੀ ਅਤੇ ਫਿਰ ਲੁਧਿਆਣਾ ਚਲੇ ਗਏ। ਪਿਤਾ ਪੰਜਾਬ ਰੋਡਵੇਜ਼ ‘ਚ ਨੌਕਰੀ ਕਰਦੇ ਸਨ। ਉਸ ਸਮੇਂ ਦਿਲਜੀਤ ਦੇ ਘਰ ਦੀ ਆਰਥਿਕ ਹਾਲਤ ਡਾਵਾਂਡੋਲ ਹੋ ਗਈ ਸੀ। ਇਸ ਲਈ ਉਸ ਨੇ ਗੁਰਦੁਆਰੇ ‘ਚ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ।

ਆਵਾਜ਼ ਬਹੁਤ ਵਧੀਆ ਸੀ ਇਸ ਲਈ ਦਿਲਜੀਤ ਦੋਸਾਂਝ ਨੇ ਕਲਾਸੀਕਲ ਗਾਇਕੀ ਵੀ ਸਿੱਖ ਲਈ ਸੀ। ਇਸ ਲਈ ਹਰ ਕੋਈ ਇਸ ਆਵਾਜ਼ ਨੂੰ ਪਸੰਦ ਕਰਨ ਲੱਗਾ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਗੁਰਦੁਆਰੇ ‘ਚ ਕੀਰਤਨ ਤੋਂ ਬਾਅਦ ਉਨ੍ਹਾਂ ਨੇ ਵਿਆਹ ਸਮਾਗਮ ‘ਚ ਵੀ ਗਾਉਣਾ ਸ਼ੁਰੂ ਕੀਤਾ।

2004 ‘ਚ ਆਈ ਪਹਿਲੀ ਐਲਬਮ
ਦਿਲਜੀਤ ਦੋਸਾਂਝ ਸਿਰਫ਼ ਇਸ ਤੱਕ ਸੀਮਤ ਨਹੀਂ ਰਹਿਣਾ ਚਾਹੁੰਦੇ ਸਨ ਸਗੋਂ ਉਨ੍ਹਾਂ ਦਾ ਸੁਫਨਾ ਵੱਡਾ ਸੀ। ਇਸ ਲਈ 2004 ‘ਚ ਪਹਿਲੀ ਐਲਬਮ ‘ਇਸ਼ਕ ਦਾ ਉੜਾ ਐਡਾ’ ਰਿਲੀਜ਼ ਹੋਈ। ਲੋਕਾਂ ਨੇ ਦਿਲਜੀਤ ਦੋਸਾਂਝ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ। ਸਾਲ 2009 ‘ਚ ਰੈਪਰ ਹਨੀ ਸਿੰਘ ਨਾਲ ਉਨ੍ਹਾਂ ਦਾ ਗੀਤ ਰਿਲੀਜ਼ ਹੋਇਆ ਸੀ ਅਤੇ ਇਸ ਗੀਤ ਨੇ ਦਿਲਜੀਤ ਨੂੰ ਅਸਲੀ ਪਛਾਣ ਦਿੱਤੀ। ਇਹ ਗੀਤ ‘ਗੋਲੀਆਂ’ ਸੀ।

ਇਸ ਤੋਂ ਬਾਅਦ ਹੀ ਦਿਲਜੀਤ ਦੋਸਾਂਝ ਦੀ ਪੰਜਾਬੀ ਫ਼ਿਲਮ ਇੰਡਸਟਰੀ ‘ਚ ਐਂਟਰੀ ਵੀ ਹੋਈ। ਇੱਕ ਤੋਂ ਬਾਅਦ ਇੱਕ ਉਸ ਦੀਆਂ ਫਿਲਮਾਂ ਹਿੱਟ ਹੁੰਦੀਆਂ ਗਈਆਂ ਅਤੇ ਉਹ ਸਟਾਰ ਬਣ ਗਿਆ। 2016 ‘ਚ ਆਈ ‘ਉੜਤਾ ਪੰਜਾਬ’ ਨੇ ਉਸ ਲਈ ਬਾਲੀਵੁੱਡ ਦੇ ਰਾਹ ਵੀ ਖੋਲ੍ਹ ਦਿੱਤੇ।

ਬਾਲੀਵੁੱਡ ‘ਚ ਵੀ ਹੈ ਦਿਲਜੀਤ ਦੀ ਖਾਸ ਥਾਂ
ਦਿਲਜੀਤ ਦੋਸਾਂਝ ਨਾ ਸਿਰਫ਼ ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਹਨ ਸਗੋਂ ਬਾਲੀਵੁੱਡ ‘ਚ ਵੀ ਉਨ੍ਹਾਂ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਦਿਲਜੀਤ ਦੋਸਾਂਝ ‘ਸੂਰਮਾ’, ‘ਉੜਤਾ ਪੰਜਾਬ’, ‘ਫਿਲੌਰੀ’ ਅਤੇ ‘ਗੁੱਡ ਨਿਊਜ਼’ ਵਰਗੀਆਂ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ਅਤੇ ਇਨ੍ਹਾਂ ਫ਼ਿਲਮਾਂ ‘ਚ ਉਨ੍ਹਾਂ ਦੇ ਕੰਮ ਦੀ ਕਾਫੀ ਤਾਰੀਫ਼ ਵੀ ਹੋਈ ਹੈ। ਅੱਜ ਦਿਲਜੀਤ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਆਲੀਸ਼ਾਨ ਘਰ ਤੋਂ ਲੈ ਕੇ ਕਰੋੜਾਂ ਦੀ ਦੌਲਤ ਤੱਕ, ਦਿਲਜੀਤ ਕੋਲ ਸਭ ਕੁਝ ਹੈ ਅਤੇ ਉਹ ਕਰੋੜਾਂ ਦੇ ਦਿਲਾਂ ‘ਤੇ ਰਾਜ ਵੀ ਕਰ ਰਿਹਾ ਹੈ।