ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਤੇ ਅਦਾਕਾਰ ਵਿੱਕੀ ਕੌਸ਼ਲ 9 ਦਸੰਬਰ, 2021 ਨੂੰ ਵਿਆਹ ਦੇ ਬੰਧਨ ’ਚ ਬੱਝੇ। ਦੋਵੇਂ ਵਿਆਹ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਨਜ਼ਰ ਆ ਰਹੇ ਹਨ।

ਕੈਟਰੀਨਾ ਕੈਫ ਵਿਆਹ ਤੋਂ ਬਾਅਦ ਹਰ ਤਿਉਹਾਰ ਨੂੰ ਬੜੇ ਚਾਅ ਨਾਲ ਮਨਾ ਰਹੀ ਹੈ। ਉਥੇ ਪੰਜਾਬੀ ਵਿਆਹ ਤੋਂ ਬਾਅਦ ਜੋ ਰਸਮਾਂ ਹੁੰਦੀਆਂ ਹਨ, ਉਨ੍ਹਾਂ ਨੂੰ ਵੀ ਉਹ ਨਿਭਾਉਂਦੀ ਨਜ਼ਰ ਆ ਰਹੀ ਹੈ।

ਬੀਤੇ ਦਿਨੀਂ ਲੋਹੜੀ ਦੇ ਤਿਉਹਾਰ ਮੌਕੇ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਦੋਵੇਂ ਲੋਹੜੀ ਮਨਾਉਂਦੇ ਦੇਖੇ ਜਾ ਸਕਦੇ ਹਨ।

ਇਨ੍ਹਾਂ ਤਸਵੀਰਾਂ ’ਚ ਦੋਵੇਂ ਬੇਹੱਦ ਕਿਊਟ ਲੱਗ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਤਸਵੀਰਾਂ ’ਚ ਕੈਟਰੀਨਾ ਕੈਫ ਖੁੱਲ੍ਹ ਕੇ ਹੱਸਦੀ ਨਜ਼ਰ ਆ ਰਹੀ ਹੈ। ਜਿਥੇ ਕੈਟਰੀਨਾ ਨੇ ਇਨ੍ਹਾਂ ਤਸਵੀਰਾਂ ਨੂੰ ਇੰਸਟਾਗ੍ਰਾਮ ਸਟੋਰੀਜ਼ ’ਚ ਸਾਂਝਾ ਕੀਤਾ, ਉਥੇ ਵਿੱਕੀ ਕੌਸ਼ਲ ਨੇ ਇੰਸਟਾਗ੍ਰਾਮ ’ਤੇ ਪੋਸਟ ਪਾ ਕੇ ਪ੍ਰਸ਼ੰਸਕਾਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ।

ਬਾਲੀਵੁੱਡ ਦੇ ਸਭ ਤੋਂ ਚਰਚਿਤ ਵਿਆਹ ਜੋੜੇ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੇ ਵਿਆਹ ਨੂੰ 9 ਜਨਵਰੀ ਨੂੰ ਇਕ ਮਹੀਨਾ ਪੂਰਾ ਹੋ ਚੁੱਕਾ ਹੈ। ਇਸ ਖ਼ਾਸ ਮੌਕੇ ’ਤੇ ਕੈਟਰੀਨਾ ਕੈਫ ਪਤੀ ਵਿੱਕੀ ਕੌਸ਼ਲ ’ਤੇ ਪਿਆਰ ਲੁਟਾਉਂਦੀ ਨਜ਼ਰ ਆਈ। ਕੈਟਰੀਨਾ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕਰਕੇ ਵਿੱਕੀ ਕੌਸ਼ਲ ਨੂੰ ‘ਵਨ ਮੰਥ ਐਨੀਵਰਸਰੀ’ ’ਤੇ ਵਿਸ਼ ਕੀਤੀ ਹੈ।

ਤਸਵੀਰ ’ਚ ਵਿੱਕੀ ਤੇ ਕੈਟਰੀਨਾ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਿਹਾ।

‘ਵਨ ਮੰਥ ਐਨੀਵਰਸਰੀ’ ’ਤੇ ਕੈਟਰੀਨਾ ਕੈਫ ਨੇ ਇੰਸਟਾਗ੍ਰਾਮ ’ਤੇ ਜੋ ਤਸਵੀਰ ਸਾਂਝੀ ਕੀਤੀ ਹੈ, ਉਸ ’ਚ ਉਹ ਆਪਣੇ ਪਤੀ ਵਿੱਕੀ ਕੌਸ਼ਲ ਦੀਆਂ ਬਾਹਾਂ ’ਚ ਦਿਖਾਈ ਦੇ ਰਹੀ ਹੈ। ਇੰਨਾ ਹੀ ਨਹੀਂ, ਵਿੱਕੀ ਕੌਸ਼ਲ ਸੈਲਫੀ ਕਲਿੱਕ ਕਰਦੇ ਨਜ਼ਰ ਆ ਰਹੇ ਹਨ।

ਕੈਟਰੀਨਾ ਤੇ ਵਿੱਕੀ ਦੇ ਇਸ ਪਿਆਰ ਭਰੇ ਪਲ ਨੂੰ ਦੇਖ ਕੇ ਪ੍ਰਸ਼ੰਸਕ ਉਨ੍ਹਾਂ ਦੀ ਚੰਗੀ ਵਿਆਹੁਤਾ ਜ਼ਿੰਦਗੀ ਦੀ ਦੁਆ ਕਰ ਰਹੇ ਹਨ। ਵਿੱਕੀ ਤੇ ਕੈਟਰੀਨਾ ਦੀ ਇਸ ਤਸਵੀਰ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਜੋੜੀ ’ਚ ਕਿੰਨਾ ਪਿਆਰ ਹੈ।

ਹੁਣ ਤੱਕ ਕੈਟਰੀਨਾ ਦੀ ਇਸ ਪੋਸਟ ’ਤੇ 56 ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪ੍ਰਸ਼ੰਸਕ ਇਸ ਤਸਵੀਰ ਨੂੰ ਕਿੰਨਾ ਪਸੰਦ ਕਰ ਰਹੇ ਹਨ।