ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਗੀਤਾਂ ਅਤੇ ਦਮਦਾਰ ਆਵਾਜ਼ ਦੇ ਸਦਕਾ ਪੰਜਾਬੀ ਇੰਡਸਟਰੀ ‘ਚ ਖ਼ਾਸ ਪਛਾਣ ਬਣਾਈ ਹੈ। ਉਨ੍ਹਾਂ ਨੇ ਕਈ ਹਿੱਟ ਗੀਤ ਸੰਗੀਤ ਜਗਤ ਦੀ ਝੋਲੀ ਪਾਏ ਹਨ। ਹਰੇਕ ਨੇ 2021 ਨੂੰ ਬਾਏ-ਬਾਏ ਆਖ ਨਵੇਂ ਸਾਲ ਦਾ ਆਪੋ-ਆਪਣੇ ਅੰਦਾਜ਼ ‘ਚ ਸਵਾਗਤ ਕੀਤਾ ਅਤੇ ਨਵੇਂ ਸਾਲ ਦਾ ਜਸ਼ਨ ਮਨਾਇਆ। ਜ਼ਿਆਦਾਤਰ ਪੰਜਾਬੀ ਕਲਾਕਾਰਾਂ ਨੇ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਜਾ ਕੇ ਕੀਤੀ ਹੈ, ਜਿਸ ‘ਚ ਗਾਇਕਾ ਸੁਨੰਦਾ ਸ਼ਰਮਾ ਦਾ ਨਾਂ ਵੀ ਸ਼ਾਮਲ ਹੈ। ਸੁਨੰਦਾ ਸ਼ਰਮਾ ਨੇ ਸਾਲ 2022 ਦੀ ਸ਼ੁਰੂਆਤ ਗੁਰੂ ਘਰ ਮੱਥਾ ਟੇਕ ਕੇ ਕੀਤੀ ਹੈ।

ਹਾਲ ਹੀ ‘ਚ ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਕਿ ਗੁਰਦੁਆਰਾ ਸਾਹਿਬ ਦੀਆਂ ਹਨ। ਉਹ ਗੁਰਦੁਆਰਾ ਸਾਹਿਬ ‘ਚ ਨਤਮਸਤਕ ਹੋਈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ। ਸੁਨੰਦਾ ਸ਼ਰਮਾ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ”ਨਵਾਂ ਸਾਲ ਮੁਬਾਰਕ ਹੋਵੇ ਬਾਦਸ਼ਾਹੋ…।” ਇੱਕ ਤਸਵੀਰ ‘ਚ ਸੁਨੰਦਾ ਸ਼ਰਮਾ ਗੁਰੂ ਘਰ ਦੇ ਬਾਹਰ ਖੜ੍ਹ ਕੇ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਕੁਝ ਤਸਵੀਰਾਂ ‘ਚ ਉਹ ਆਪਣੇ ਭਰਾਵਾਂ ਨਾਲ ਨਜ਼ਰ ਆ ਰਹੀ ਹੈ। ਇਸ ਦੌਰਾਨ ਸੁਨੰਦਾ ਸ਼ਰਮਾ ਕਾਫ਼ੀ ਖੁਸ਼ ਨਜ਼ਰ ਆਈ।

ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਸੁਨੰਦਾ ਸ਼ਰਮਾ ਨੇ ਬਤੌਰ ਗਾਇਕਾ ਆਪਣੇ ਸੰਗੀਤ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਗਾਇਕੀ ਦੇ ਨਾਲ-ਨਾਲ ਸੁਨੰਦਾ ਸ਼ਰਮਾ ਨੂੰ ਸ਼ਾਇਰੀ ਅਤੇ ਡਾਂਸ ਦਾ ਵੀ ਬੇਹੱਦ ਸ਼ੌਕ ਹੈ। ਸੁਨੰਦਾ ਸ਼ਰਮਾ ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨਾਲ ਫ਼ਿਲਮ ‘ਸੱਜਣ ਸਿੰਘ ਰੰਗਰੂਟ’ ‘ਚ ਕੰਮ ਕਰ ਚੁੱਕੀ ਹੈ। ਇਸ ਫ਼ਿਲਮ ‘ਚ ਸੁਨੰਦਾ ਦੀ ਅਦਾਕਾਰੀ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ।


ਦੱਸਣਯੋਗ ਹੈ ਕਿ ਸੁਨੰਦਾ ਸ਼ਰਮਾ ਅਜਿਹੀ ਗਾਇਕਾ ਹੈ, ਜੋ ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰਾਂ ਨਾਲ ਕੰਮ ਕਰ ਚੁੱਕੀ ਹੈ। ਇਸ ਲਿਸਟ ‘ਚ ਸੋਨੂੰ ਸੂਦ, ਨਵਾਜ਼ੁਦੀਨ ਸਿੱਦੀਕੀ ਦਾ ਨਾਂ ਵੀ ਸ਼ਾਮਲ ਹੈ। ਸੁਨੰਦਾ ਇਨ੍ਹਾਂ ਦੋਵੇਂ ਵੱਡੇ ਕਲਾਕਾਰਾਂ ਨਾਲ ਗੀਤਾਂ ‘ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੀ ਹੈ। ਇਸ ਤੋਂ ਇਲਾਵਾ ਉਹ ਲੋਕਾਂ ਦੀ ਮਦਦ ਕਰਦੀ ਹੋਈ ਵੀ ਕਈ ਵਾਰ ਨਜ਼ਰ ਆ ਚੁੱਕੀ ਹੈ।