ਦੀਪ ਸਿੱਧੂ ਸਟਾਰਰ ‘ਜੋਰਾ : ਦਿ ਸੈਕਿੰਡ ਚੈਪਟਰ’ ਨਾਲ ਪੰਜਾਬੀ ਫ਼ਿਲਮ ਇੰਡਸਟਰੀ ‘ਚ ਸਫ਼ਲ ਸ਼ੁਰੂਆਤ ਕਰਨ ਤੋਂ ਬਾਅਦ ਸਿੰਗਾ ਹੁਣ ਆਪਣੀ ਫ਼ਿਲਮ ‘ਕਦੇ ਹਾਂ ਤੇ ਕਦੇ ਨਾ’ ‘ਚ ਮੁੱਖ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਦੀ ਇਸ ਫ਼ਿਲਮ ਨੂੰ ਬਾਕਸ ਆਫਿਸ ‘ਤੇ ਵੀ ਚੰਗਾ ਹੁਲਾਰਾ ਮਿਲ ਰਿਹਾ ਹੈ ਪਰ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਸਿੰਗਾ ਨੇ ਆਪਣੇ ਇੰਸਟਾਗ੍ਰਾਮ ‘ਤੇ ਜੋ ਪੋਸਟ ਪਾਈ ਉਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਗਿਆ। ਸਿੰਗਾ ਨੇ ਆਪਣੀ ਤੋਂ ਇੰਸਟਾਗ੍ਰਾਮ ਸਟੋਰੀ ‘ਚ ਖੁਲਾਸਾ ਕੀਤਾ ਕਿ ਕਈ ਲੋਕਾਂ ਨੇ ਉਸ ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।

ਉਸ ਨੇ ਅੱਗੇ ਕਿਹਾ ਕਿ ਕੁਝ ਲੋਕਾਂ ਨੇ ਉਸ ਦੇ ਖ਼ਿਲਾਫ਼ ਝੂਠੇ ਕੇਸ ਦਰਜ ਕਰਕੇ ਅਤੇ ਅਫਵਾਹਾਂ ਫੈਲਾ ਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹੁਣ ਉਸ ਦੀ ਫ਼ਿਲਮ ਦੇ ਕਾਰੋਬਾਰ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਲੋਕ ਇਹ ਯਕੀਨੀ ਬਣਾ ਰਹੇ ਹਨ ਕਿ ਕਦੇ ਹਾਂ ਤੇ ਕਦੇ ਨਾ ਨੂੰ ਘੱਟ ਸ਼ੋਅ ਮਿਲਣ। ਕਿਸੇ ਦਾ ਵੀ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤੇ ਬਿਨਾਂ, ਸਿੰਗਾ ਨੇ ਅੱਗੇ ਕਿਹਾ ਕਿ ਇਹ ਚੀਜ਼ਾਂ ਉਸ ਲਈ ਮਾਇਨੇ ਨਹੀਂ ਰੱਖਦੀਆਂ, ਜੋ ਮਾਇਨੇ ਰੱਖਦਾ ਹੈ, ਉਹ ਉਸ ਦੀ ਮਿਹਨਤ ਅਤੇ ਜਨਤਾ ਦਾ ਸਮਰਥਨ ਹੈ।

ਸਿੰਗਾ ਦੀ ਪੋਸਟ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਲਿਖਿਆ ਦਿਲ ਦੀ ਗੱਲ ਕਰਨ ਚਾਹੀਦਾ ਤੁਹਾਡੇ ਨਾਲ। ਜੋਰ ਲੋਕਾਂ ਨੇ ਬਹੁਤ ਲਗਾਇਆ, ਮੈਂ ਹੁਣ ਕੁਝ ਬੋਲ ਕੇ ਕੰਟਰੋਵਰਸੀ ਨਹੀਂ ਕਰਨਾ ਚਾਹੀਦਾ ਪਰ ਲੋਕਾਂ ਦਾ ਕੰਮ ਹੁੰਦਾ ਲੱਤਾਂ ਖਿਚਣਾ ਪਰ ਸਾਡਾ ਕੰਮ ਹੈ ਮਿਹਨਤ ਕਰਨਾ। ਕੁਝ ਲੋਕਾਂ ਨੇ ਤਾਂ ਇਹ ਵੀ ਟਰਾਈ ਕੀਤਾ ਮੇਰੇ ਬਾਰੇ ਝੂਠ ਬੋਲ-ਬੋਲ ਕੇ। ਇਸ ਨੂੰ ਰੋਕਣਾ ਝੂਠੇ ਕੇਸ ਪਾ ਕੇ ਪਰ ਹੁਣ ਇਹ ਲੋਕ ਟਰਾਈ ਕਰ ਰਹੇ ਹਨ ਕਿ ਸਾਡੀ ਫ਼ਿਲਮ ਨੂੰ ਘੱਟ ਸ਼ੋਅ ਮਿਲਣ ਪਰ ਮੈਨੂੰ ਹੁਣ ਫਰਕ ਨਹੀਂ ਪੈਂਦਾ ਸਾਡੀ ਫ਼ਿਲਮ ਚੱਲੇ ਜਾਂ ਨਾ ਚੱਲੇ ਪਰ ਹੁਣ ਮੈਨੂੰ ਫਰਕ ਪੈਂਦਾ ਮੈਂ ਮਿਹਨਤ ਬਹੁਤ ਕੀਤੀ ਆ। ਮੈਂ ਬਹੁਤ ਮਿਹਨਤ ਕੀਤੀ ਆ ਇਥੋਂ ਤੱਕ ਪਹੁੰਚਣ ਲਈ। ਮੈਨੂੰ ਸੱਚੇ ਬੰਦਿਆਂ ਦੇ ਸਾਥ ਦੀ ਜ਼ਰੂਰਤ ਆ। ਇਸ ਤੋਂ ਇਲਾਵਾ ਸਿੰਗਾ ਨੇ ਹੋਰ ਬਹੁਤ ਕੁਝ ਲਿਖਿਆ ਹੈ।