ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਸਾਰਾ ਅਲੀ ਖ਼ਾਨ ਫ਼ਿਲਮ ‘ਲੁਕਾ ਛਿੱਪੀ 2’ ਦੀ ਸ਼ੂਟਿੰਗ ‘ਚ ਬਿਜ਼ੀ ਹਨ। ਬੀਤੇ ਦਿਨੀਂ ਇਸ ਫ਼ਿਲਮ ਦੀ ਸ਼ੂਟਿੰਗ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ, ਜਿਸ ‘ਚ ਵਿੱਕੀ ਕੌਸ਼ਲ ਬਾਈਕ ਚਲਾਉਂਦੇ ਹੋਏ ਨਜ਼ਰ ਆਏ ਸਨ। ਉਥੇ ਹੀ ਉਨ੍ਹਾਂ ਦੀ ਬਾਈਕ ਪਿੱਛੇ ਸਾਰਾ ਅਲੀ ਖ਼ਾਨ ਬੈਠੀ ਹੋਈ ਸੀ। ਵਿੱਕੀ ਕੌਸ਼ਲ ਅਤੇ ਸਾਰਾ ਅਲੀ ਖ਼ਾਨ ਦੀਆਂ ਇਹ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਅਦਾਕਾਰ ਅਤੇ ਫ਼ਿਲਮ ਦੀ ਯੂਨਿਟ ਖ਼ਿਲਾਫ਼ ਸ਼ਿਕਾਇਤ ਦਰਜ ਹੋ ਗਈ ਹੈ।

ਦਰਅਸਲ, ਇੰਦੌਰ ਦੇ ਰਹਿਣ ਵਾਲੇ ਜੈ ਸਿੰਘ ਯਾਦਵ ਨੇ ਦੋਸ਼ ਲਗਾਇਆ ਹੈ ਕਿ ਬਾਈਕ ‘ਤੇ ਜਿਸ ਨੰਬਰ ਪਲੇਟ ‘ਤੇ ਵਿੱਕੀ ਕੌਸ਼ਲ ਅਤੇ ਸਾਰਾ ਅਲੀ ਖ਼ਾਨ ਨਜ਼ਰ ਆ ਰਹੇ ਹਨ, ਉਹ ਉਸ ਦੀ ਨਹੀਂ ਸਗੋ ਕਿਸੇ ਹੋਰ ਗੱਡੀ ਦੀ ਨੰਬਰ ਪਲੇਟ ਹੈ। ਫ਼ਿਲਮ ਨਿਰਮਾਤਾ ਨੇ ਜੈ ਸਿੰਘ ਯਾਦਵ ਦੇ ਵਾਹਨ ਦਾ ਨੰਬਰ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਵਰਤਿਆ ਹੈ, ਜੋ ਕਿ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਇਸ ਕਾਰਨ ਜੈ ਸਿੰਘ ਯਾਦਵ ਨੇ ਵਿੱਕੀ ਕੌਸ਼ਲ ਅਤੇ ਫ਼ਿਲਮ ਦੀ ਯੂਨਿਟ ਦੇ ਖ਼ਿਲਾਫ਼ ਪੁਲਸ ‘ਚ ਸ਼ਿਕਾਇਤ ਦਰਜ ਕਰਵਾਈ ਹੈ।


ਨਿਊਜ਼ ਏਜੰਸੀ ਏ. ਐੱਨ. ਆਈ. ਦੀ ਖ਼ਬਰ ਮੁਤਾਬਕ ਜੈ ਸਿੰਘ ਯਾਦਵ ਨੇ ਬਾਂਗੰਗਾ ਪੁਲਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਾਉਂਦੇ ਹੋਏ ਆਪਣੀ ਸ਼ਿਕਾਇਤ ‘ਚ ਕਿਹਾ, ”ਫ਼ਿਲਮ ਸੀਕਵੈਂਸ ‘ਚ ਵਰਤੀ ਗਈ ਗੱਡੀ ਦਾ ਨੰਬਰ ਮੇਰਾ ਹੈ। ਮੈਨੂੰ ਨਹੀਂ ਪਤਾ ਕਿ ਫਿਲਮ ਯੂਨਿਟ ਨੂੰ ਇਸ ਬਾਰੇ ਪਤਾ ਹੈ ਜਾਂ ਨਹੀਂ ਪਰ ਇਹ ਗੈਰ-ਕਾਨੂੰਨੀ ਹੈ। ਉਹ ਬਿਨਾਂ ਇਜਾਜ਼ਤ ਮੇਰੀ ਨੰਬਰ ਪਲੇਟ ਦੀ ਵਰਤੋਂ ਨਹੀਂ ਕਰ ਸਕਦਾ। ਸਟੇਸ਼ਨ ਨੂੰ ਮੰਗ ਪੱਤਰ ਦਿੱਤਾ ਹੈ। ਮਾਮਲੇ ‘ਚ ਕਾਰਵਾਈ ਕੀਤੀ ਜਾਵੇ।”

ਦੱਸ ਦਈਏ ਕਿ ਇਸ ਪੂਰੇ ਮਾਮਲੇ ‘ਚ ਬਾਂਗੰਗਾ ਦੇ ਐੱਸ. ਆਈ. ਰਾਜੇਂਦਰ ਸੋਨੀ ਨੇ ਕਿਹਾ, ”ਸਾਨੂੰ ਸ਼ਿਕਾਇਤ ਮਿਲੀ ਹੈ। ਅਸੀਂ ਦੇਖਾਂਗੇ ਕਿ ਕਿਹੜੀ ਨੰਬਰ ਪਲੇਟ ਦੀ ਗੈਰ-ਕਾਨੂੰਨੀ ਵਰਤੋਂ ਕੀਤੀ ਗਈ ਸੀ। ਮੋਟਰ ਵਹੀਕਲ ਐਕਟ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਜੇਕਰ ਫ਼ਿਲਮ ਦੀ ਯੂਨਿਟ ਇੰਦੌਰ ‘ਚ ਹੈ ਤਾਂ ਅਸੀਂ ਉਨ੍ਹਾਂ ਦੀ ਜਾਂਚ ਕਰਨ ਦੀ ਕੋਸ਼ਿਸ਼ ਕਰਾਂਗੇ।

ਦੱਸਣਯੋਗ ਹੈ ਕਿ ਸ਼ਿਕਾਇਤਕਰਤਾ ਜੈ ਸਿੰਘ ਯਾਦਵ ਨੇ ਸ਼ਿਕਾਇਤ ‘ਚ ਆਪਣੇ ਲਾਇਸੈਂਸ ਦੀ ਕਾਪੀ ਸਮੇਤ ਹੋਰ ਸਾਰੇ ਦਸਤਾਵੇਜ਼ ਜਮ੍ਹਾਂ ਕਰਵਾਏ ਹਨ।