200 ਕਰੋੜ ਦੀ ਠੱਗੀ ਦੇ ਦੋਸ਼ ’ਚ ਤਿਹਾੜ ਜੇਲ੍ਹ ’ਚ ਬੰਦ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਮਾਮਲੇ ’ਚ ਆਏ ਦਿਨ ਨਵੇਂ ਖ਼ੁਲਾਸੇ ਹੋ ਰਹੇ ਹਨ। ਇਸ ਕੇਸ ’ਚ ਹੁਣ ਤਕ ਜੈਕਲੀਨ ਫਰਨਾਂਡੀਜ਼ ਤੇ ਨੋਰਾ ਫਤੇਹੀ ਵਰਗੇ ਕਈ ਸਿਤਾਰੇ ਫੱਸ ਚੁੱਕੇ ਹਨ। ਇਸ ਕੇਸ ’ਚ ਹੁਣ ਤਕ ਸਾਹਮਣੇ ਆਇਆ ਹੈ ਕਿ ਸੁਕੇਸ਼ ਨੇ ਜੈਕਲੀਨ ਨੂੰ ਕਈ ਮਹਿੰਗੇ ਤੋਹਫ਼ੇ ਦਿੱਤੇ ਸਨ।

ਇੰਨਾ ਹੀ ਨਹੀਂ, ਦਾਅਵਾ ਤਾਂ ਇਹ ਵੀ ਕੀਤਾ ਜਾ ਚੁੱਕਾ ਹੈ ਕਿ ਜੈਕਲੀਨ ਤੇ ਸੁਕੇਸ਼ ਇਕ-ਦੂਜੇ ਨਾਲ ਰਿਲੇਸ਼ਨਸ਼ਿਪ ’ਚ ਸਨ। ਉਥੇ ਹੁਣ ਸੁਕੇਸ਼ ਨੇ ਜੇਲ੍ਹ ਅੰਦਰੋਂ ਇਕ ਚਿੱਠੀ ਲਿਖੀ ਹੈ, ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਉਹ ਜੈਕਲੀਨ ਨਾਲ ਰਿਲੇਸ਼ਨ ’ਚ ਸੀ ਤੇ ਇਹੀ ਵਜ੍ਹਾ ਹੈ ਕਿ ਉਸ ਨੇ ਅਦਾਕਾਰਾ ਨੂੰ ਕਰੋੜਾਂ ਦੇ ਤੋਹਫ਼ੇ ਦਿੱਤੇ ਸਨ।

ਅਸਲ ’ਚ ਸੁਕੇਸ਼ ਦੇ ਵਕੀਲ ਅਨੰਤ ਮਲਿਕ ਨੇ ਇਕ ਪ੍ਰੈੱਸ ਨੋਟ ਜਾਰੀ ਕੀਤਾ ਹੈ, ਜੋ ਸੁਕੇਸ਼ ਚੰਦਰਸ਼ੇਖਰ ਵਲੋਂ ਲਿਖਿਆ ਗਿਆ ਹੈ। ਏ. ਐੱਨ. ਆਈ. ਮੁਤਾਬਕ ਇਸ ਨੋਟ ’ਚ ਸੁਕੇਸ਼ ਨੇ ਖ਼ੁਦ ਨੂੰ ਠੱਗ ਆਖੇ ਜਾਣ ’ਤੇ ਇਤਰਾਜ਼ ਜਤਾਇਆ ਹੈ। ਉਸ ਨੇ ਕਿਹਾ ਕਿ ਉਹ ਇਕ ਠੱਗ ਨਹੀਂ ਹੈ ਤੇ ਉਸ ਤੋਂ ਪੈਸੇ ਲੈਣ ਵਾਲੇ ਜੇਲ੍ਹ ਅਧਿਕਾਰੀਆਂ ਦੀ ਜਾਂਚ ਕਿਉਂ ਨਹੀਂ ਕੀਤੀ ਜਾਂਦੀ ਹੈ।

ਸੁਕੇਸ਼ ਨੇ ਇਹ ਵੀ ਕਿਹਾ ਕਿ ਉਸ ਬਾਰੇ ਬਹੁਤ ਕੁਝ ਕਿਹਾ ਜਾ ਰਿਹਾ ਹੈ ਪਰ ਇਹ ਕਹਿਣਾ ਗਲਤ ਹੈ ਕਿ ਉਹ ਇਕ ‘ਧੋਖੇਬਾਜ਼’ ਜਾਂ ‘ਠੱਗ’ ਹੈ ਕਿਉਂਕਿ ਉਸ ਨੂੰ ਅਜੇ ਤਕ ਦੋਸ਼ੀ ਨਹੀਂ ਠਹਿਰਾਇਆ ਗਿਆ।

ਇਸ ਬਿਆਨ ’ਚ ਸੁਕੇਸ਼ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਜੈਕਲੀਨ ਨਾਲ ਇਕ ਰਿਸ਼ਤੇ ’ਚ ਸੀ। ਸੁਕੇਸ਼ ਨੇ ਕਿਹਾ, ‘ਮੈਂ ਜੈਕਲੀਨ ਨਾਲ ਰਿਲੇਸ਼ਨ ’ਚ ਸੀ ਤੇ ਇਹੀ ਕਾਰਨ ਹੈ ਕਿ ਮੈਂ ਅਦਾਕਾਰਾ ਨੂੰ ਤੋਹਫ਼ੇ ਦਿੱਤੇ ਹਨ। ਇਸ ਦੌਰਾਨ ਕਿਸੇ ਤਰ੍ਹਾਂ ਦਾ ਲੈਣ-ਦੇਣ ਮੇਰੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਮਾਮਲਾ ਹੈ। ਇਸ ਮਾਮਲੇ ਨਾਲ ਜੈਕਲੀਨ ਦਾ ਕੋਈ ਲੈਣਾ-ਦੇਣਾ ਨਹੀਂ ਹੈ।’