ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਤੋਂ ਬਾਅਦ ਇੱਕ ਮੰਦਭਾਗੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਬੀਤੇ ਕੁਝ ਦਿਨ ਪਹਿਲਾਂ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਵਿਅਕਤੀ ਵਲੋਂ ਗੁਰੂ ਮਹਾਰਾਜ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਉਥੇ ਹੀ ਹੁਣ ਲੁਧਿਆਣਾ ਦੇ ਕੋਰਟ ਕੰਪਲੈਕਸ ‘ਚ ਜ਼ਬਰਦਸਤ ਧਮਾਕਾ ਹੋਇਆ, ਜਿਸ ਕਾਰਨ ਹੁਣ ਪੰਜਾਬ ਦੇ ਲੋਕਾਂ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪੰਜਾਬੀ ਮਾਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਵੀ ਆਪਣੇ ਟਵਿੱਟਰ ਅਕਾਊਂਟ ‘ਤੇ ਇਸ ਘਟਨਾ ਸਬੰਧੀ ਇਕ ਟਵੀਟ ਕੀਤਾ ਹੈ ਅਤੇ ਇਸ ਘਟਨਾ ‘ਤੇ ਚਿੰਤਾ ਜ਼ਾਹਿਰ ਕੀਤੀ ਹੈ।

ਹਿਮਾਂਸ਼ੀ ਖੁਰਾਣਾ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ ਹੈ, ”ਮੌਲ ‘ਚ ਇੰਨੀ ਸਿਕਓਰਿਟੀ ਹੁੰਦੀ ਹੈ ਪਰ ਜਿਊਡੀਸ਼ੀਅਲ ਸੈਕਟਰ ‘ਚ ਨਹੀਂ…ਮੇਰੇ ਪਰਿਵਾਰ ਦਾ ਇੱਕ ਮੈਂਬਰ ਉਸ ਸਮੇਂ ਉੱਥੇ ਹੀ ਸੀ ਜਦੋਂ ਇਹ ਧਮਾਕਾ ਹੋਇਆ ਪਰ ਪੰਜਾਬ ‘ਚ ਅਜਿਹੇ ਹਾਦਸੇ ਕਿਉਂ ਹੋ ਰਹੇ ਹਨ। ਜੋ ਲੋਕ ਆਮ ਤੌਰ ‘ਤੇ ਕੋਰਟ ‘ਚ ਜਾਂਦੇ ਹਨ ,ਉਹ ਕਿਰਪਾ ਕਰਕੇ ਆਪਣਾ ਅਤੇ ਆਪਣਿਆਂ ਦਾ ਖਿਆਲ ਰੱਖਣ।” ਹਿਮਾਂਸ਼ੀ ਖੁਰਾਣਾ ਵੱਲੋਂ ਸਾਂਝੇ ਕੀਤੇ ਗਏ ਇਸ ਟਵੀਟ ਤੋਂ ਬਾਅਦ ਉਸ ਦੇ ਉਸ ਤੋਂ ਪਰਿਵਾਰਕ ਮੈਂਬਰ ਦੀ ਵੀ ਸੁੱਖ ਸਾਂਦ ਪੁੱਛ ਰਹੇ ਹਨ।


ਦੱਸ ਦੀਏ ਕਿ ਲੁਧਿਆਣਾ ਦੇ ਕੋਰਟ ਕੰਪਲੈਕਸ ‘ਚ ਹੋਏ ਜ਼ਬਰਦਸਤ ਧਮਾਕੇ ਤੋਂ ਬਾਅਦ ਪੰਜਾਬ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ ਵਿਚ ਦੋ ਲੋਕਾਂ ਦੀ ਮੌਤ ਹੋਣ ਦਾ ਖ਼ਦਸ਼ਾ ਹੈ ਅਤੇ ਚਾਰ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਧਮਾਕਾ ਅਦਾਲਤ ਦੀ ਦੂਜੀ ਮੰਜ਼ਿਲ ‘ਤੇ ਸਥਿਤ ਬਾਥਰੂਮ ‘ਚ ਹੋਇਆ ਹੈ। ਸੂਤਰਾਂ ਮੁਤਾਬਕ, ਜਿਸ ਬਾਥਰੂਮ ‘ਚ ਇਹ ਧਮਾਕਾ ਹੋਇਆ ਹੈ, ਉਥੇ ਇਕ ਬੁਰੀ ਤਰ੍ਹਾਂ ਨੁਕਸਾਨੀ ਹੋਈ ਲਾਸ਼ ਵੀ ਬਰਾਮਦ ਹੋਈ ਹੈ। ਲੁਧਿਆਣਾ ਦੇ ਕੋਰਟ ਕੰਪਲੈਕਸ ‘ਚ ਹੋਏ ਇਸ ਧਮਾਕਾ ਏਨਾਂ ਜ਼ਬਰਦਸਤ ਦੱਸਿਆ ਜਾ ਰਿਹਾ ਹੈ ਕਿ ਆਲੇ ਦੁਆਲੇ ਦੇ ਘਰ ਕੰਬਣ ਲੱਗ ਪਏ ਸਨ। ਪੁਲਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।