200 ਕਰੋੜ ਰੁਪਏ ਦੀ ਮਹਾਠੱਗੀ ਕਰਨ ਵਾਲੇ ਸੁਕੇਸ਼ ਚੰਦਰਸ਼ੇਕਰ ਨੇ ਜੈਕਲੀਨ ਫਰਨਾਂਡੀਜ਼ ਨੂੰ ਲੱਖਾਂ-ਕਰੋੜਾਂ ਦੇ ਤੋਹਫ਼ੇ ਹੀ ਨਹੀਂ, ਸਗੋਂ ਮਹਿਲਾ ਪ੍ਰਧਾਨ ਸੁਪਰਹੀਰੋ ਫ਼ਿਲਮ ਦਾ ਲਾਲਚ ਵੀ ਦਿੱਤਾ ਸੀ। ਸੁਕੇਸ਼ ਨੇ ਜੈਕਲੀਨ ਨੂੰ ਕਿਹਾ ਸੀ ਕਿ ਉਹ ਉਸ ਲਈ 500 ਕਰੋੜ ਦੇ ਬਜਟ ਦੀ ਤਿੰਨ ਭਾਗਾਂ ਵਾਲੀ ਫ਼ਿਲਮ ਦਾ ਨਿਰਮਾਣ ਕਰੇਗਾ। ਰਿਪੋਰਟ ਮੁਤਾਬਕ ਇਹ ਵਾਅਦਾ ਵੀ ਜੈਕਲੀਨ ਨੂੰ ਲੁਭਾਉਣ ਦੀ ਪਲਾਨਿੰਗ ’ਚੋਂ ਇਕ ਸੀ।

ਕੇਸ ਨਾਲ ਜੁੜੇ ਇਕ ਸੂਤਰ ਨੇ ਖ਼ੁਲਾਸਾ ਕੀਤਾ ਕਿ ਸੁਕੇਸ਼ ਚੰਗੀ ਤਰ੍ਹਾਂ ਜਾਣਦਾ ਸੀ ਕਿ ਜੈਕਲੀਨ ਬਾਲੀਵੁੱਡ ’ਚ ਕੰਮ ਦੀ ਭਾਲ ’ਚ ਹੈ। ਉਹ ਬਹੁਤ ਜ਼ਿਆਦਾ ਫ਼ਿਲਮਾਂ ਸਾਈਨ ਨਹੀਂ ਕਰ ਰਹੀ ਸੀ, ਇਸ ਲਈ ਸੁਕੇਸ਼ ਨੇ ਜੈਕਲੀਨ ਨਾਲ ਫ਼ਿਲਮ ਬਣਾਉਣ ਦਾ ਵਾਅਦਾ ਕੀਤਾ ਸੀ, ਜਿਸ ’ਚ ਏ-ਲਿਸਟ ਪ੍ਰੋਡਿਊਸਰਾਂ ਦੇ ਨਾਂ ਹਟਾ ਦਿੱਤੇ ਗਏ ਸਨ। ਫ਼ਿਲਮ ’ਚ ਹਾਲੀਵੁੱਡ ਵੀ. ਐੱਫ. ਐਕਸ., ਕਲਾਕਾਰ ਸ਼ਾਮਲ ਹੋਣੇ ਤੇ ਇਸ ਨੂੰ ਦੁਨੀਆ ਭਰ ’ਚ ਸ਼ੂਟ ਕਰਨ ਦਾ ਝਾਂਸਾ ਵੀ ਦਿੱਤਾ ਗਿਆ ਸੀ।

ਉਸ ਨੇ ਜੈਕਲੀਨ ਨੂੰ ਇਹ ਵੀ ਕਿਹਾ ਸੀ ਕਿ ਉਹ ਹਾਲੀਵੁੱਡ ਅਦਾਕਾਰਾ ਏਂਜਲੀਨਾ ਜੋਲੀ ਨਾਲ ਮਿਲਦੀ-ਜੁਲਦੀ ਹੈ ਤੇ ਉਹ ਆਪਣੇ ਆਲੇ-ਦੁਆਲੇ ਬਣੀ ਇਕ ਸੁਪਰਹੀਰੋ ਸੀਰੀਜ਼ ਦੀ ਹੱਕਦਾਰ ਹੈ।

ਜੈਕਲੀਨ ਨੇ ਭਾਵੇਂ ਹੀ ਪੂਰੀ ਸਾਵਧਾਨੀ ਵਰਤੀ ਪਰ ਫਿਰ ਵੀ ਉਹ ਸੁਕੇਸ਼ ਦੇ ਇਸ ਵਾਅਦੇ ਨਾਲ ਭਰੋਸੇ ’ਚ ਸੀ ਕਿ ਉਹ ਅਸਲ ’ਚ ਉਸ ਲਈ ਵੱਡੇ ਬਜਟ ਦੀ ਇਹ ਫ਼ਿਲਮ ਪ੍ਰੋਡਿਊਸ ਕਰੇਗਾ। ਸੂਤਰ ਨੇ ਅੱਗੇ ਖ਼ੁਲਾਸਾ ਕੀਤਾ ਕਿ ਸੁਕੇਸ਼ ਨੇ ਫ਼ਿਲਮ ਬਜਟ, ਪ੍ਰੋਡਕਸ਼ਨ ਤੇ ਜ਼ਰੂਰੀ ਰਿਸਰਚ ਕੀਤੀ ਸੀ ਤੇ ਆਪਣੀ ਹਰ ਗੱਲਬਾਤ ਦੌਰਾਨ ਇੰਡਸਟਰੀ ਨਾਲ ਜੁੜੇ ਕਈ ਵੱਡੇ ਨਾਵਾਂ ਨੂੰ ਸ਼ਾਮਲ ਕੀਤਾ ਸੀ।

ਚਾਰਜਸ਼ੀਟ ’ਚ ਜੈਕਲੀਨ ਨੇ ਚੰਦਰਸ਼ੇਕਰ ਨਾਲ ਆਪਣੀ ਮੁਲਾਕਾਤ ਬਾਰੇ ਵੀ ਖ਼ੁਲਾਸਾ ਕੀਤਾ ਹੈ। ਉਸ ਨੇ ਕਿਹਾ ਸੀ, ‘ਮੈਂ ਫਰਵਰੀ 2017 ਤੋਂ ਸੁਕੇਸ਼ ਨਾਲ ਗੱਲ ਕਰ ਰਹੀ ਹਾਂ। ਅਗਸਤ 2021 ’ਚ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਮੈਂ ਉਸ ਨੂੰ ਕਦੇ ਨਹੀਂ ਮਿਲੀ। ਉਸ ਨੇ ਮੈਨੂੰ ਦੱਸਿਆ ਸੀ ਕਿ ਉਹ ਸਨ ਟੀ. ਵੀ. ਦਾ ਮਾਲਕ ਹੈ ਤੇ ਜੈਲਲਿਤਾ ਦੇ ਰਾਜਨੀਤਕ ਪਰਿਵਾਰ ਤੋਂ ਹੈ।’ ਜੈਕਲੀਨ ਤੋਂ ਇਲਾਵਾ ਨੋਰਾ ਫਤੇਹੀ ਦੇ ਵੀ ਚੰਦਰਸ਼ੇਖਰ ਤੋਂ ਮਹਿੰਗੇ ਤੋਹਫ਼ੇ ਲੈਣ ਦੀ ਖ਼ਬਰ ਹੈ। ਕਥਿਤ ਤੌਰ ’ਤੇ ਨੋਰਾ ਨੂੰ ਸੁਕੇਸ਼ ਨੇ ਇਕ ਮਹਿੰਗੀ BMW ਗੱਡੀ ਦਿੱਤੀ ਸੀ।