ਅੱਜ ਦੇਸੀ ਕਰਿਊ (Desi Crew) ਵਾਲੇ ਗੋਲਡੀ ਯਾਨੀਕਿ ਗੋਲਡੀ ਕਾਹਲੋਂ ਦਾ ਜਨਮਦਿਨ ਹੈ। ਪੰਜਾਬੀ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਗੋਲਡੀ ਅੱਜ ਯਾਨੀ ਕਿ 9 ਦਸੰਬਰ ਨੂੰ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਪ੍ਰਸ਼ੰਸਕ ਤੇ ਕਲਾਕਾਰ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾ ਕੇ ਗੋਲਡੀ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

ਸੱਤਾ ਤੇ ਗੋਲਡੀ ਪੰਜਾਬੀ ਇੰਡਸਟਰੀ ਦੀ ਉਹ ਜੋੜੀ ਹੈ, ਜਿਹੜੀ ਲਗਾਤਾਰ ਹਿੱਟ ਗਾਣੇ ਦਿੰਦੀ ਆ ਰਹੀ ਹੈ। ਇਸ ਜੋੜੀ ਨੂੰ ‘ਦੇਸੀ ਕਰਿਊ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਗੱਲ ਕਰੀਏ ਗੋਲਡੀ ਤੇ ਸੱਤਪਾਲ ਦੀ ਤਾਂ ਦੋਵਾਂ ਦੀ ਇਹ ਜੋੜੀ ਦੇਸੀ ਕਰਿਊ ਸੰਗੀਤ ਸਟੂਡੀਓ ਦੇ ਬੈਨਰ ਹੇਠ ਸੈਂਕੜੇ ਸੁਪਰ ਡੁਪਰ ਹਿੱਟ ਗੀਤ ਦੇ ਚੁੱਕੇ ਹਨ।

ਦੇਸੀ ਕਰਿਊ ਨੇ ਬਹੁਤ ਸਾਰੇ ਨਾਮੀ ਗਾਇਕ ਜਿਵੇਂ ਪਰਮੀਸ਼ ਵਰਮਾ, ਦਿਲਪ੍ਰੀਤ ਢਿੱਲੋਂ, ਕੰਵਰ ਗਰੇਵਾਲ, ਰਣਜੀਤ ਬਾਵਾ, ਅੰਮ੍ਰਿਤ ਮਾਨ, ਜੱਸੀ ਗਿੱਲ, ਬੱਬਲ ਰਾਏ ਵਰਗੇ ਕਈ ਗਾਇਕਾਂ ਦੇ ਗੀਤਾਂ ‘ਚ ਆਪਣੇ ਮਿਊਜ਼ਿਕ ਨਾਲ ਕਈ ਗੀਤਾਂ ਨੂੰ ਹਿੱਟ ਕਰਵਾ ਚੁੱਕੇ ਹਨ। ਗੀਤਾਂ ਤੋਂ ਇਲਾਵਾ ਇਹ ਜੋੜੀ ਪੰਜਾਬੀ ਫ਼ਿਲਮੀ ਜਗਤ ਦੀਆਂ ਕਈ ਫ਼ਿਲਮਾਂ ਜਿਵੇਂ ‘ਡੈਡੀ ਕੂਲ ਮੁੰਡੇ ਫੂਲ’, ‘ਮਿੱਟੀ ਨਾ ਫਰੋਲ ਜੋਗੀਆ’ ਅਤੇ ‘ਰੌਕੀ ਮੈਂਟਲ’ ਸਮੇਤ ਕਈ ਹੋਰ ਫ਼ਿਲਮਾਂ ‘ਚ ਮਿਊਜ਼ਿਕ ਦੇ ਚੁੱਕੇ ਹਨ।


ਜੇ ਗੱਲ ਕਰੀਏ ਗੋਲਡੀ ਦੀ ਪੜ੍ਹਾਈ ਦੀ ਤਾਂ ਉਨ੍ਹਾਂ ਨੇ ਐੱਮ. ਬੀ. ਏ ਕੀਤੀ ਹੋਈ ਹੈ ਅਤੇ ਉਨ੍ਹਾਂ ਨੇ ਕੁਝ ਸਮਾਂ ਤੱਕ ਨੌਕਰੀ ਵੀ ਕੀਤੀ। ਗੋਲਡੀ ਜੋ ਕਿ ਮਿਊਜ਼ਿਕ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਪਾਲਸੀਆਂ ਵੇਚਣ ਦਾ ਕੰਮ ਕਰਦੇ ਸਨ ਪਰ ਮਿਊਜ਼ਿਕ ਵੱਲ ਸ਼ੁਰੂ ਤੋਂ ਝੁਕਾਅ ਹੋਣ ਕਰਕੇ ਉਨ੍ਹਾਂ ਨੇ ਆਪਣੀ ਕਿਸਮਤ ਮਿਊਜ਼ਿਕ ਕਰੀਅਰ ‘ਚ ਅਜਮਾਈ।

ਅੱਜ ਆਪਣੀ ਮਿਹਨਤ ਸਦਕਾ ਦੇਸੀ ਕਰਿਊ ਬੈਨਰ ਦਾ ਵੱਡਾ ਨਾਂ ਹੈ। ਗੋਲਡੀ ਬਤੌਰ ਗਾਇਕ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਫ਼ਿਲਮਾਂ ‘ਚ ਅਦਾਕਾਰੀ ਕਰਦੇ ਰਹਿੰਦੇ ਹਨ। ਉਹ ਪਰਮੀਸ਼ ਵਰਮਾ ਦੀ ਫ਼ਿਲਮ ‘ਦਿਲ ਦੀਆਂ ਗੱਲਾਂ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ।