ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਲਗਾਤਾਰ ਵਡਿਆਈ ਕਰ ਕੇ ਪਾਕਿਸਤਾਨ ਨਾਲ ਲੱਗਦੀਆਂ ਸਾਡੇ ਦੇਸ਼ ਦੀਆਂ ਸਰਹਦਾਂ ਦੀ ਰਾਖੀ ਕਰਦੇ ਸਾਡੇ ਬਹਾਦਰ ਸੈਨਿਕਾਂ ਦਾ ਵਾਰ ਵਾਰ ਅਪਮਾਨ ਕਰ ਰਹੇ ਹਨ ਤੇ ਨਾਲ ਹੀ ਉਹਨਾਂ ਨਾਗਰਿਕਾਂ ਦਾ ਵੀ ਅਪਮਾਨ ਕਰ ਰਹੇ ਹਨ ਜੋ ਪਾਕਿਸਤਾਨ ਦੀ ਆਈ ਐਸ ਆਈ ਦੀ ਨਸ਼ਿਆਂ ਦੇ ਅਤਿਵਾਦ ਦੀ ਨੀਤੀਆਂ ਦਾ ਸ਼ਿਕਾਰ ਹੋ ਰਹੇ ਹਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਿੱਧੂ ਨੇ ਇਮਰਾਨ ਖਾਨ, ਜਿਸਨੂੰ ਪਾਕਿਸਤਾਨੀ ਫੌਜ ਨੇ ਰਾਜ ਸੱਤਾ ’ਤੇ ਬਿਠਾਇਆ ਤੇ ਜੋ ਆਈ ਐਸ ਆਈ ਦਾ ਏਜੰਟ ਹੈ, ਨੂੰ ਵੱਡਾ ਭਰਾ ਆਖ ਰਹੇ ਹਨ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਆਈ ਐਸ ਆਈ ਨਾਲ ਘੁਲ ਮਿਲ ਰਹੇ ਹਨ। ਇਸ ਤੋਂ ਪਹਿਲਾਂ ਵੀ ਆਪਣੇ ਪਾਕਿਸਤਾਨ ਦੌਰੇ ਵੇਲੇ ਉਹਨਾਂ ਦੇ ਪਾਕਿਸਤਾਨੀ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੁੰ ਜੱਫੀ ਪਾਈ ਸੀ ਹਾਲਾਂਕਿ ਉਹ ਚੰਗੀ ਤਰ੍ਹਾਂ ਜਾਣਦੇ ਸੀ ਕਿ ਬਾਜਵਾ ਹੀ ਕਸ਼ਮੀਰ ਵਿਚ ਭਾਰਤ ਖਿਲਾਫ ਅਸਿੱਧੀ ਜੰਗ ਚਲਾ ਰਿਹਾ ਜਿਸ ਵਿਚ ਸੈਂਕੜੇ ਪੰਜਾਬੀ ਸੈਨਿਕ ਹੁਣ ਤੱਕ ਸ਼ਹੀਦ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਹੁਣ ਸਿੱਧੂ ਇਕ ਵਾਰ ਫਿਰ ਤੋਂ ਦੋ ਕਦਮ ਅੱਗੇ ਜਾ ਕੇ ਇਮਰਾਨ ਖਾਨ ਦੀ ਵਡਿਆਈ ਕਰ ਰਹੇ ਹਨ ਜਿਸਦੀ ਸਰਕਾਰ ਪੰਜਾਬ ਵਿਚ ਬੇਚੈਨੀ ਫੈਲਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਸਿੱਧੂ ਨੂੰ ਅਜਿਹੀਆਂ ਗਤੀਵਿਧੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਸ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਹੋਵੇ ਅਤੇ ਇਹ ਸੂਬੇ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਲਈ ਖ਼ਤਰਾ ਬਣਦੀਆਂ ਹੋਣ।

ਮੈਂ ਤਿੰਨ ਕਾਲ਼ੇ ਕਾਨੂੰਨਾਂ ਨੂੰ ਰੱਦ ਕਰਨ ਦੇ ਫੈਂਸਲੇ ਦਾ ਦਿਲੋਂ ਸੁਆਗਤ ਕਰਦਾ ਹਾਂ। ਅਸੀਂ ਧੰਨਵਾਦੀ ਹਾਂ ਕਿ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਇਸ ਖਾਸ ਐਲਾਨ ਲਈ ਚੁਣਿਆ ਗਿਆ। ਦੇਸ਼ ‘ਚ ਜੋ ਵਿਰੋਧ ਅਤੇ ਰੋਸ ਪ੍ਰਦਰਸ਼ਨਾਂ ਕਾਰਨ ਗੁੱਸੇ ਦੀ ਲਹਿਰ ਸੀ, ਉਮੀਦ ਕਰਦਾ ਹਾਂ ਇਹ ਫ਼ੈਸਲਾ ਮੁੜ ਤੋਂ ਸਾਰਿਆਂ ਨੂੰ ਇਕਜੁੱਟ ਕਰੇਗਾ। ਜਦੋਂ ਅਕਾਲੀ ਦਲ ਦੁਆਰਾ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਨ ਸਮੇਂ ਆਵਾਜ਼ ਬੁਲੰਦ ਕੀਤੀ ਗਈ ਸੀ, ਜੇਕਰ ਇਹ ਫ਼ੈਸਲਾ ਪ੍ਰਧਾਨ ਮੰਤਰੀ ਜੀ ਦੁਆਰਾ ਤਦ ਲਿਆ ਹੁੰਦਾ ਤਾਂ ਅੱਜ ਸਥਿਤੀ ਵੱਖਰੀ ਹੋਣੀ ਸੀ। ਇਸ ਲੋਕ-ਪੱਖੀ ਫੈਂਸਲੇ ਨੂੰ ਅੱਗੇ ਵਧਾਉਂਦਿਆ ਹੁਣ ਮੈਂ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰਦਾ ਹਾਂ ਕਿ ਉਹ ਕਿਸਾਨਾਂ ਵਿਰੁੱਧ ਕੀਤੇ ਕੇਸ ਵੀ ਵਾਪਸ ਲੈਣ। – Sukhbir Badal