ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿਚ ਇਕ ਹੋਰ ਵੱਡਾ ਖ਼ੁਲਾਸਾ ਹੋਇਆ ਹੈ। ਇਸ ਕਤਲ ਕਾਂਡ ਵਿਚ ਹੁਣ ਨਵੇਂ ਗੈਂਗਸਟਰ ਲਿਪਿਨ ਨਹਿਰਾ ਦੀ ਐਂਟਰੀ ਹੋਈ ਹੈ। ਹਰਿਆਣਾ ਦੇ ਗੁਰੂਗ੍ਰਾਮ ਦਾ ਰਹਿਣ ਵਾਲਾ ਗੈਂਗਸਟਰ ਲਿਪਿਨ ਨਹਿਰਾ ਵੀ ਇਸ ਕਤਲ ਕਾਂਡ ਵਿਚ ਸ਼ਾਮਲ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਸ ਨੇ ਸ਼ਾਰਪ ਸ਼ੂਟਰ ਕਸ਼ਿਸ਼ ਉਰਫ ਕੁਲਦੀਪ ਅਤੇ ਦੀਪਕ ਮੁੰਡੀ ਦਾ ਸੰਪਰਕ ਗੈਂਗਸਟਰ ਗੋਲਡੀ ਬਰਾੜ ਨਾਲ ਕਰਵਾਇਆ ਸੀ। ਮੂਸੇਵਾਲਾ ਨੂੰ ਗੋਲ਼ੀ ਮਾਰਨ ਵਾਲੇ 6 ਸ਼ਾਰਪ ਸ਼ੂਟਰਾਂ ਵਿਚ ਇਹ ਦੋਵੇਂ ਵੀ ਸ਼ਾਮਲ ਸਨ। ਕਸ਼ਿਸ਼ ਨੇ ਹੀ ਪੁਲਸ ਦੀ ਪੁੱਛਗਿੱਛ ਵਿਚ ਇਹ ਖੁਲਾਸਾ ਕੀਤਾ ਹੈ। ਦੀਪਕ ਮੁੰਡੀ ਫਿਲਹਾਲ ਪੁਲਸ ਦੀ ਗ੍ਰਿਫਤ ’ਚੋਂ ਬਾਹਰ ਹੈ।

ਉਧਰ ਗੈਂਗਸਟਰ ਲਿਪਿਨ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਸ ਉਸ ਦੇ ਭਰਾ ਪਵਨ ਨਹਿਰਾ ਨੂੰ ਜੇਲ ਤੋਂ ਲੈ ਕੇ ਆਈ ਹੈ। ਪਵਨ ਨਹਿਰਾ ਵੀ ਖਤਰਨਾਕ ਗੈਂਗਸਟਰ ਹੈ ਅਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ। ਉਸ ਨੂੰ ਗੁਰੂਗ੍ਰਾਮ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਗੋਲਡੀ ਬਰਾੜ ਨੂੰ ਸ਼ੂਟਰ ਦੇਣ ਵਾਲਾ ਲਿਪਿਨ ਨਹਿਰਾ ਵੀ ਇਸ ਸਮੇਂ ਕੈਨੇਡਾ ਵਿਚ ਹੀ ਹੈ।

ਪੁਲਸ ਵਲੋਂ ਕੀਤੀ ਗਈ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ 6 ਸ਼ੂਟਰ ਸਨ। ਇਨ੍ਹਾਂ ਵਿਚ ਪ੍ਰਿਯਾਵਰਤ ਫੌਜੀ ਅਤੇ ਅੰਕਿਤ ਸੇਰਸਾ ਲਾਰੈਂਸ ਨਾਲ ਜੁੜੇ ਹੋਏ ਸਨ। ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਗੁਰਗੇ ਸਨ। ਹੁਣ ਇਹ ਨਵਾਂ ਖੁਲਾਸਾ ਹੋਇਆ ਹੈ ਕਿ ਕਸ਼ਿਸ਼ ਅਤੇ ਦੀਪਕ ਮੁੰਡੀ ਲਿਪਿਨ ਨਹਿਰਾ ਨਾਲ ਜੁੜੇ ਹੋਏ ਹਨ। ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਇਨ੍ਹਾਂ ਵਿਚੋਂ ਰੂਪਾ ਅਤੇ ਮੰਨੂ ਪੁਲਸ ਐਨਕਾਊਂਟਰ ਵਿਚ ਮਾਰੇ ਜਾ ਚੁੱਕੇ ਹਨ। ਜਦਕਿ 3 ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਇਕ ਦੀਪਕ ਮੁੰਡੀ ਅਜੇ ਤਕ ਫਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਪੁਲਸ ਵਲੋਂ ਵੱਖ ਵੱਖ ਥਾਵਾਂ ’ਤੇ ਛਾਪੇ ਮਾਰੀ ਜਾ ਰਹੇ ਹਨ।