ਬਾਲੀਵੁੱਡ ਫ਼ਿਲਮਾਂ ਦਾ ਬਾਕਸ ਆਫਿਸ ’ਤੇ ਬੁਰਾ ਹਾਲ ਹੋ ਰਿਹਾ ਹੈ। ਨਾ ਤਾਂ ਸਿਤਾਰਿਆਂ ਦਾ ਸਟਾਰਡਮ ਕੰਮ ਆ ਰਿਹਾ ਹੈ ਤੇ ਨਾ ਹੀ ਫ਼ਿਲਮਾਂ ਨੂੰ ਲੈ ਕੇ ਚੰਗੇ ਰੀਵਿਊਜ਼ ਆ ਰਹੇ ਹਨ। ਬਾਕਸ ਆਫਿਸ ’ਤੇ ਜ਼ਿਆਦਾਤਰ ਹਿੰਦੀ ਫ਼ਿਲਮਾਂ ਮੂਧੇ ਮੂੰਹ ਡਿੱਗ ਰਹੀਆਂ ਹਨ। ਅਜਿਹੇ ’ਚ ਭਾਜਪਾ ਦੇ ਕੌਮੀ ਬੁਲਾਰੇ ਸਈਦ ਜ਼ਫਰ ਇਸਲਾਮ ਨੇ ਮੰਗਲਵਾਰ ਨੂੰ ਬਾਲੀਵੁੱਡ ਸਿਤਾਰਿਆਂ ਨੂੰ ਖ਼ਾਸ ਸਲਾਹ ਦਿੱਤੀ।ਬਾਕਸ ਆਫਿਸ ’ਤੇ ਹਿੰਦੀ ਫ਼ਿਲਮਾਂ ਦੇ ਖਰਾਬ ਪ੍ਰਦਰਸ਼ਨ ਨੂੰ ਦੇਖਦਿਆਂ ਸਈਦ ਜ਼ਫਰ ਇਸਲਾਮ ਨੇ ਬਾਲੀਵੁੱਡ ਸਿਤਾਰਿਆਂ ਨੂੰ ਸੁਝਾਅ ਦਿੱਤਾ ਹੈ ਕਿ ਉਨ੍ਹਾਂ ਨੂੰ ਆਪਣੀ ਫੀਸ ਘੱਟ ਕਰਨੀ ਚਾਹੀਦੀ ਹੈ ਤਾਂ ਕਿ ਫ਼ਿਲਮ ਨਿਰਮਾਤਾ ਚੰਗੇ ਸਿਨੇਮਾ ’ਤੇ ਧਿਆਨ ਦੇ ਸਕਣ। ਰਾਸ਼ਟਰੀ ਬੁਲਾਰੇ ਨੇ ਆਪਣੇ ਟਵੀਟ ’ਚ ਕਿਹਾ ਕਿ ਇੰਡਸਟਰੀ ਨੂੰ ਇਸ ਗੱਲ ਤੋਂ ਅੰਦਾਜ਼ਾ ਹੋਣਾ ਚਾਹੀਦਾ ਹੈ ਕਿ ਲੋਕਾਂ ਲਈ ਓ. ਟੀ. ਟੀ. ਪਲੇਟਫਾਰਮ ਹੁਣ ਬਿਹਤਰ ਤੇ ਬਜਟ ਫਰੈਂਡਲੀ ਆਪਸ਼ਨ ਹੈ।

ਬੀ. ਜੇ. ਪੀ. ਦੇ ਰਾਸ਼ਟਰੀ ਬੁਲਾਰੇ ਸਈਦ ਜ਼ਫਰ ਇਸਲਾਮ ਨੇ ਆਪਣੇ ਟਵੀਟ ’ਚ ਲਿਖਿਆ, ‘‘ਬਾਲੀਵੁੱਡ ਸਿਤਾਰੇ ਫ਼ਿਲਮਾਂ ਫਲਾਪ ਹੋਣ ਤੋਂ ਬਾਅਦ ਵੀ ਅਸਲੀਅਤ ਨੂੰ ਸਮਝ ਨਹੀਂ ਸਕੇ। ਜੇਕਰ ਸਿਤਾਰੇ ਘੱਟ ਫੀਸ ਲੈਣਾ ਸ਼ੁਰੂ ਕਰ ਦੇਣਗੇ ਤਾਂ ਪ੍ਰੋਡਿਊਸਰ ਦੇਸ਼ ਹਿੱਤ ’ਚ ਚੰਗੇ ਸਿਨੇਮਾ ’ਤੇ ਧਿਆਨ ਦੇ ਸਕਦੇ ਹਨ। ਯਾਦ ਰੱਖੋ ਕਿ ਲੋਕਾਂ ਕੋਲ ਹੁਣ ਓ. ਟੀ. ਟੀ. ਿਕ ਬਿਹਤਰ ਤੇ ਸਸਤਾ ਆਪਸ਼ਨ ਹੈ।’’ਸਭ ਤੋਂ ਖ਼ਾਸ ਗੱਲ ਇਹ ਹੈ ਕਿ ਸਈਦ ਨੇ ਆਪਣੇ ਟਵੀਟ ’ਚ ਬਾਲੀਵੁੱਡ ਸਿਨੇਮਾ ਦੇ ਤਿੰਨ ਸਭ ਤੋਂ ਵੱਡੇ ਸੁਪਰਸਟਾਰਸ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ ਤੇ ਅਕਸ਼ੇ ਕੁਮਾਰ ਨੂੰ ਟੈਗ ਕੀਤਾ ਹੈ।

ਬਾਲੀਵੁੱਡ ਦੇ ਸੁਪਰਟਾਰ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ 11 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ। ਇਹ ਫ਼ਿਲਮ ਬਾਕਸ ਆਫਿਸ ’ਤੇ ਫਲਾਪ ਸਾਬਿਤ ਹੁੰਦੀ ਨਜ਼ਰ ਆ ਰਹੀ ਹੈ। ਫ਼ਿਲਮ ’ਚ ਆਮਿਰ ਖ਼ਾਨ, ਕਰੀਨਾ ਕਪੂਰ ਤੇ ਮੋਨਾ ਸਿੰਘ ਮੁੱਖ ਭੂਮਿਕਾਵਾਂ ’ਚ ਹਨ।ਫ਼ਿਲਮ ਦੀ ਕਮਾਈ ਦੀ ਗੱਲ ਕਰੀਏ ਤਾਂ ਪਹਿਲੇ ਦਿਨ ਇਸ ਫ਼ਿਲਮ ਨੇ 11.70 ਕਰੋੜ ਰੁਪਏ ਕਮਾਏ ਹਨ। ਦੂਜੇ ਦਿਨ ਫ਼ਿਲਮ ਨੇ ਨਿਰਾਸ਼ਾਜਨਕ 7.26 ਕਰੋੜ ਤੇ ਤੀਜੇ ਦਿਨ 9 ਕਰੋੜ ਰੁਪਏ ਦੀ ਕਮਾਈ ਕੀਤੀ। ਹੁਣ ਫ਼ਿਲਮ ਦੇ ਚੌਥੇ ਦਿਨ ਦੀ ਕਮਾਈ ਦੀ ਗੱਲ ਕਰੀਏ ਤਾਂ ਇਸ ਨੇ ਸਿਰਫ 10 ਕਰੋੜ ਰੁਪਏ ਅਤੇ ਪੰਜਵੇਂ ਦਿਨ 8 ਕਰੋੜ ਰੁਪਏ ਕਮਾਏ ਹਨ। ਛੇਵੇਂ ਦਿਨ ਦੀ ਕਮਾਈ ਨੇ ਤਾਂ ਆਮਿਰ ਖ਼ਾਨ ਦਾ ਦਿਲ ਹੀ ਤੋੜ ਦਿੱਤਾ ਹੈ। ਕੁੱਲ ਛੇ ਦਿਨਾਂ ‘ਚ ਆਮਿਰ ਖ਼ਾਨ ਦੀ ਫ਼ਿਲਮ ਨੇ 50 ਕਰੋੜ ਦਾ ਅੰਕੜਾ ਪਾਰ ਕੀਤਾ ਹੈ। ਇਹ ਅੰਕੜਾ ਉਨ੍ਹਾਂ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਹੈ। ਬਾਕਸ ਆਫਿਸ ਇੰਡੀਆ ਦੀ ਰਿਪੋਰਟ ਮੁਤਾਬਕ, ਆਮਿਰ ਖ਼ਾਨ ਦੀ ਫ਼ਿਲਮ 75 ਕਰੋੜ ਦਾ ਲਾਈਫਟਾਈਮ ਕਲੈਕਸ਼ਨ ਵੀ ਸ਼ਾਇਦ ਨਹੀਂ ਕਰ ਸਕੇਗੀ। ਦੱਸ ਦੇਈਏ ਕਿ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਨਾਲ ਅਕਸ਼ੇ ਕੁਮਾਰ ਦੀ ਫ਼ਿਲਮ ‘ਰਕਸ਼ਾ ਬੰਧਨ’ ਵੀ ਲੱਗੀ ਹੈ। ਹਾਲਾਂਕਿ ‘ਰਕਸ਼ਾ ਬੰਧਨ’ ਦੀ ਕਮਾਈ ‘ਲਾਲ ਸਿੰਘ ਚੱਢਾ’ ਨਾਲੋਂ ਵੀ ਘੱਟ ਹੈ।