ਸੋਸ਼ਲ ਮੀਡੀਆ ’ਤੇ ਅਕਸਰ ਹੀ ਕਾਫ਼ੀ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿਚੋਂ ਕੁਝ ਵੀਡੀਓਜ਼ ਪੰਜਾਬੀ ਕਲਾਕਾਰਾਂ ਦੀਆਂ ਹੁੰਦੀਆਂ ਹਨ। ਇਨ੍ਹਾਂ ਵੀਡੀਓਜ਼ ਕਾਰਨ ਅਕਸਰ ਹੀ ਪੰਜਾਬੀ ਕਲਾਕਾਰ ਸੁਰਖੀਆਂ ਵਿਚ ਆ ਜਾਂਦੇ ਹਨ। ਹਾਲ ਹੀ ਵਿਚ ਪੰਜਾਬੀ ਅਦਾਕਾਰ ਤੇ ਗਾਇਕ ਦਿਲਪ੍ਰੀਤ ਢਿੱਲੋਂ ਦੀਆਂ ਕੁਝ ਵੀਡੀਓਜ਼ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਦੱਸ ਦਈਏ ਕਿ ਦਿਲਪ੍ਰੀਤ ਢਿੱਲੋਂ ਇੰਨੀਂ ਦਿਨੀਂ ਕੈਨੇਡਾ ਵਿਚ ਆਪਣੇ ਸ਼ੋਅ ਲਈ ਪਹੁੰਚੇ ਹਨ। ਇਸ਼ ਦੌਰਾਨ ਲਾਈਵ ਸ਼ੋਅ ਵਿਚ ਇੱਕ ਮੁੰਡੇ ਨੇ ਢਿੱਲੋਂ ਨੂੰ ਗਾਲ੍ਹਾਂ ਕੱਢੀਆਂ। ਦਰਅਸਲ, ਕੈਨੇਡਾ ਸ਼ੋਅ ਵਿਚ ਦਿਲਪ੍ਰੀਤ ਢਿੱਲੋਂ ਜਦੋਂ ਗੀਤ ਗਾ ਰਹੇ ਸਨ ਤਾਂ ਇੱਕ ਨੋਜਵਾਨ ਨੇ ਗਲਤ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ। ਇਸ ਦੀਆਂ ਕਾਫ਼ੀ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਇਹ ਨੌਜਵਾਨ ਦਿਲਪ੍ਰੀਤ ਢਿੱਲੋਂ ਨੂੰ ਸਿੱਧੂ ਮੂਸੇਵਾਲਾ ਵਾਲੀ ਥਾਪੀ ਮਾਰਨ ਨੂੰ ਆਖ ਰਿਹਾ ਹੈ ਪਰ ਗਾਇਕ ਨੇ ਉਸ ਦੀ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ।

ਦੱਸ ਦਈਏ ਕਿ ਨੌਜਵਾਨ ਪ੍ਰਸ਼ੰਸਕ ਵੱਲੋਂ ਕੀਤੇ ਅਜਿਹੇ ਵਿਵਹਾਰ ਤੋਂ ਦਿਲਪ੍ਰੀਤ ਢਿੱਲੋਂ ਕਾਫ਼ੀ ਦੁੱਖੀ ਨਜ਼ਰ ਆਇਆ। ਇਸ ਦੌਰਾਨ ਦਿਲਪ੍ਰੀਤ ਢਿੱਲੋਂ ਨੇ ਕਿਹਾ, ”ਸਟੇਜ਼ਾਂ ‘ਤੇ ਥਾਪੀਆਂ ਮਾਰੀ ਜਾਂਦੇ ਹਾਂ…ਦੁੱਖ ਉਨ੍ਹਾਂ ਦੇ ਘਰਦਿਆਂ ਨੂੰ ਪਤਾ…।” ਅੱਗੇ ਦਿਲਪ੍ਰੀਤ ਢਿੱਲੋਂ ਨੇ ਕਿਹਾ ਕਿ ਉਹ ਇੱਥੇ ਗਾਲ੍ਹਾਂ ਸੁਣਨ ਲਈ ਨਹੀਂ ਆਏ।”

ਦੱਸਣਯੋਗ ਹੈ ਕਿ ਦਿਲਪ੍ਰੀਤ ਢਿੱਲੋਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹੈ। ਉਹ ਬਲੇਮ, ਬਜ਼ਾਰ ਬੰਦ, ਮੁੱਛ, ਵੈਲੀ ਜੱਟ, ਯਾਰਾਂ ਦਾ ਗਰੁੱਪ, ਚੰਡੀਗੜ੍ਹ, ਕਬਜ਼ੇ, ਰੰਗਲੇ ਦੁੱਪਟੇ ਆਦਿ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਗੀਤਾਂ ਤੋਂ ਇਲਾਵਾ ਉਹ ਕਈ ਸੁਪਰਹਿੱਟ ਫ਼ਿਲਮਾਂ ਰਾਹੀਂ ਆਪਣੀ ਦਮਦਾਰ ਅਦਾਕਾਰੀ ਦਾ ਜਲਵਾ ਦਰਸ਼ਕਾਂ ਨੂੰ ਦਿਖਾ ਚੁੱਕੇ ਹਨ।