ਸਿਧਾਰਥ ਸ਼ੁਕਲਾ ਦੀ ਮੌਤ ਨੂੰ ਲਗਭਗ ਢਾਈ ਮਹੀਨੇ ਬੀਤ ਚੁੱਕੇ ਹਨ ਪਰ ਸਿਡਨਾਜ਼ ਯਾਨੀ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਕੋਈ ਭੁੱਲ ਨਹੀਂ ਸਕਿਆ ਹੈ। ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ‘ਬਿੱਗ ਬੌਸ 13’ ’ਚ ਕਾਫ਼ੀ ਪਸੰਦ ਕੀਤਾ ਗਿਆ ਸੀ। ਸ਼ਹਿਨਾਜ਼ ਨੇ ਤਾਂ ਕਈ ਵਾਰ ਸਿਧਾਰਥ ਦੇ ਸਾਹਮਣੇ ਆਪਣੇ ਪਿਆਰ ਦਾ ਇਜ਼ਹਾਰ ਵੀ ਕੀਤਾ ਸੀ। ਸ਼ੋਅ ਦੇ ਬਾਹਰ ਵੀ ਦੋਵੇਂ ਕਈ ਵਾਰ ਇਕੱਠੇ ਨਜ਼ਰ ਆਏ ਸਨ। ਇਨ੍ਹਾਂ ਦੇ ਪ੍ਰਸ਼ੰਸਕਾਂ ਨੇ ਪਿਆਰ ਨਾਲ ਇਨ੍ਹਾਂ ਦਾ ਨਾਂ ‘ਸਿਡਨਾਜ਼’ ਰੱਖਿਆ ਸੀ। ਦੋਵੇਂ ਇਕੱਠੇ ਕੁਝ ਮਿਊਜ਼ਿਕ ਵੀਡੀਓਜ਼ ’ਚ ਵੀ ਨਜ਼ਰ ਆਏ ਸਨ। ਸ਼ਹਿਨਾਜ਼ ਗਿੱਲ ਹੁਣ ਤੱਕ ਸਿਧਾਰਥ ਸ਼ੁਕਲਾ ਦੀ ਮੌਤ ਦੇ ਗ਼ਮ ’ਚੋਂ ਬਾਹਰ ਨਹੀਂ ਨਿਕਲ ਸਕੀ ਹੈ।

ਸਿਧਾਰਥ ਸ਼ੁਕਲਾ ਦੇ ਜਾਣ ਨਾਲ ਸ਼ਹਿਨਾਜ਼ ਗਿੱਲ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਇਸ ਦਾ ਅੰਦਾਜ਼ਾ ਉਸ ਦਾ ਚਿਹਰਾ ਦੇਖ ਕੇ ਸਾਫ਼ ਲਗਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਜਦੋਂ ਸਿਧਾਰਥ ਦੀ ਮੌਤ ਹੋਈ ਤਾਂ ਸ਼ਹਿਨਾਜ਼ 1 ਮਹੀਨੇ ਤੱਕ ਸੋਸ਼ਲ ਮੀਡੀਆ ’ਤੇ ਦਿਖਾਈ ਨਹੀਂ ਦਿੱਤੀ ਤੇ ਨਾ ਹੀ ਕੋਈ ਪੋਸਟ ਪਾਈ। ਆਖ਼ਿਰਕਾਰ ਦੁਨੀਆ ਨੇ ਸ਼ਹਿਨਾਜ਼ ਨੂੰ ਉਦੋਂ ਦੇਖਿਆ ਜਦੋਂ ਉਸ ਦੀ ਫ਼ਿਲਮ ‘ਹੌਂਸਲਾ ਰੱਖ’ ਦੀ ਪ੍ਰਮੋਸ਼ਨ ਸ਼ੁਰੂ ਹੋਈ।

ਹੁਣ ਸੋਸ਼ਲ ਮੀਡੀਆ ’ਤੇ ਸਨਾ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਸ਼ਹਿਨਾਜ਼ ਸਿਧਾਰਥ ਨੂੰ ਯਾਦ ਕਰਕੇ ਬੁਰੀ ਤਰ੍ਹਾਂ ਰੋਣ ਲੱਗ ਜਾਂਦੀ ਹੈ ਤੇ ਆਪਣਾ ਚਿਹਰਾ ਢਕ ਲੈਂਦੀ ਹੈ। ਫ਼ਿਲਮ ’ਚ ਉਨ੍ਹਾਂ ਦੇ ਕੋ-ਸਟਾਰ ਦਿਲਜੀਤ ਦੋਸਾਂਝ ਉਨ੍ਹਾਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ ਤੇ ਉਨ੍ਹਾਂ ਨੂੰ ਸਮਝਾਉਂਦੇ ਹਨ। ਇਹ ਵੀਡੀਓ ਦੇਖ ਕੇ ਸਿਡਨਾਜ਼ ਦੇ ਪ੍ਰਸ਼ੰਸਕ ਹੀ ਨਹੀਂ, ਸਗੋਂ ਹਰ ਕੋਈ ਭਾਵੁਕ ਹੋ ਰਿਹਾ ਹੈ। ਕੁਝ ਸਮਾਂ ਪਹਿਲਾਂ ਹੀ ਸਨਾ ਨੇ ਸਿਧਾਰਥ ਸ਼ੁਕਲਾ ਲਈ ਇਕ ਗੀਤ ਵੀ ਡੈਡੀਕੇਟ ਕੀਤਾ ਸੀ। ਸ਼ਹਿਨਾਜ਼ ਨੇ ਆਪਣੇ ਵਲੋਂ ਸਿਧਾਰਥ ਨੂੰ ਇਸ ਗੀਤ ਰਾਹੀਂ ਸ਼ਰਧਾਂਜਲੀ ਦਿੱਤੀ ਸੀ, ਜੋ ਸਿਧਾਰਥ ਦੇ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਈ ਸੀ।

ਜਾਣਕਾਰੀ ਮੁਤਾਬਕ ਸਿਧਾਰਥ ਦੇ ਗ਼ਮ ਤੋਂ ਉੱਭਰਨ ’ਚ ਸਿਧਾਰਥ ਦੀ ਮਾਂ ਗੀਤਾ ਸ਼ੁਕਲਾ ਨੇ ਸ਼ਹਿਨਾਜ਼ ਦੀ ਮਦਦ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹਿਨਾਜ਼ ਨੂੰ ਕੰਮ ’ਤੇ ਵਾਪਸ ਜਾਣ ਲਈ ਪ੍ਰੇਰਿਤ ਵੀ ਕੀਤਾ। ਤੁਹਾਨੂੰ ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਮਾਂ ਦੇ ਦਰਮਿਆਨ ਮਜ਼ਬੂਤ ਤੇ ਪਿਆਰ ਭਰਿਆ ਰਿਸ਼ਤਾ ਹੈ।