ਕਸਬਾ ਮਜੀਠਾ ਤੋ ਥੋੜੀ ਦੂਰ ਪੈਂਦੇ ਪਿੰਡ ਗਾਲੋਵਾਲੀ ਕੁੱਲੀਆਂ ਵਿਖੇ ਇੱਕ ਨੌਜਵਾਨ ਦਾ ਦਾਤਰ ਮਾਰ ਕੇ ਕਤਲ ਕਰ ਦੇਣ ਦਾ ਦੁਖ਼ਦ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਪਵਨਜੀਤ ਸਿੰਘ (16) ਵਜੋਂ ਹੋਈ ਹੈ। ਇਸ ਹਮਲੇ ’ਚ ਮ੍ਰਿਤਕ ਦੇ ਪਿਤਾ ਦੀ ਹਾਲਤ ਗੰਭੀਰ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਪਿੰਡ ਗਾਲੋਵਾਲੀ ਕੁੱਲੀਆਂ ਦੇ ਵਸਨੀਕ ਕਰਨਜੀਤ ਸਿੰਘ ਪੁੱਤਰ ਹਰਜੀਤ ਸਿੰਘ ਨੇ ਪੁਲਸ ਥਾਣਾ ਮਜੀਠਾ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਉਂਦਿਆਂ ਦੱਸਿਆ ਕਿ ਉਹ ਤਿੰਨ ਭਰਾ ਹਨ। ਸਭ ਤੋਂ ਵੱਡਾ ਅਮ੍ਰਿਤਪਾਲ ਸਿੰਘ, ਉਸ ਤੋਂ ਛੋਟਾ ਮੈਂ ਅਤੇ ਸਭ ਤੋਂ ਛੋਟਾ ਪਵਨਜੀਤ ਸਿੰਘ (16) ਹੈ। ਮੇਰਾ ਵੱਡਾ ਭਰਾ ਅਮ੍ਰਿਤਪਾਲ ਸਿੰਘ ਪਿੰਡ ਵਿੱਚ ਹੀ ਕਰਨ ਪੁੱਤਰ ਸ਼ਿਵ ਕੁਮਾਰ ਦੀ ਕੁੜੀ ਦੇ ਜਨਮ ਦਿਨ ਦੀ ਪਾਰਟੀ ‘ਚ ਗਿਆ ਹੋਇਆ ਸੀ। ਬੀਤੀ ਦੇਰ ਰਾਤ ਹਨੇਰਾ ਹੋਣ ’ਤੇ ਮੈਂ, ਮੇਰਾ ਛੋਟਾ ਭਰਾ ਪਵਨਜੀਤ ਸਿੰਘ ਅਤੇ ਸਾਡੇ ਪਿਤਾ ਹਰਜੀਤ ਸਿੰਘ ਉਸ ਨੂੰ ਲੈਣ ਲਈ ਗਏ। ਉਥੇ ਅਜੇ ਪੁੱਤਰ ਪ੍ਰਕਾਸ਼, ਸੂਰਜ ਪੁੱਤਰ ਰਾਮਪਾਲ, ਸੰਜੇ ਪੁੱਤਰ ਵਿਜੇਪਾਲ ਅਤੇ ਦੀਪਕ ਮੌਜੂਦਾ ਸਰਪੰਚ ਸਾਰੇ ਵਾਸੀ ਗਾਲੋਵਾਲੀ ਕਲੌਨੀਆਂ ਮੇਰੇ ਭਰਾ ਅਮ੍ਰਿਤਪਾਲ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਕਰ ਰਹੇ ਸਨ।

ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਇਨ੍ਹਾਂ ਨੂੰ ਬਹਿਸਬਾਜ਼ੀ ਕਰਨ ਤੋਂ ਰੋਕਣ ਲਈ ਗਏ ਤਾਂ ਦੀਪਕ ਸਰਪੰਚ, ਅਜੇ, ਸੂਰਜ, ਸੰਜੇ ਨੇ ਮੇਰੇ ਭਰਾ ਪਵਨਜੀਤ ਸਿੰਘ ਅਤੇ ਮੇਰੇ ਪਿਤਾ ’ਤੇ ਤੇਜ਼ਧਾਰ ਦਾਤਰ ਨਾਲ ਵਾਰ ਕਰ ਦਿੱਤਾ। ਗੰਭੀਰ ਤੌਰ ’ਤੇ ਜ਼ਖ਼ਮੀ ਹੋਣ ’ਤੇ ਉਹ ਉਨ੍ਹਾਂ ਨੂੰ ਮਜੀਠਾ ਦੇ ਨਿੱਜੀ ਹਸਪਤਾਲ ਵਿੱਖੇ ਲੈ ਕੇ ਗਏ, ਜਿਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਮੇਰੇ ਭਰਾ ਪਵਨਜੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਸ ਨੇ ਥਾਣਾ ਮਜੀਠਾ ਵਿਖੇ ਉਕਤ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਨ੍ਹਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ।