ਸੰਜੇ ਦੱਤ ਦੀ ਫੈਨ ਫਾਲੋਇੰਗ ਬਾਲੀਵੁੱਡ ਹੀ ਨਹੀਂ, ਸਗੋਂ ਪੰਜਾਬ ’ਚ ਵੀ ਵੱਡੇ ਪੱਧਰ ’ਤੇ ਹੈ। ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਮੌਤ ਤੋਂ ਬਾਅਦ ਇਹ ਚਰਚਾ ਸੀ ਕਿ ਸੰਜੇ ਦੱਤ ਸਿੱਧੂ ਮੂਸੇ ਵਾਲਾ ਦੇ ਘਰ ਉਸ ਦੇ ਪਰਿਵਾਰ ਨਾਲ ਹਮਦਰਦੀ ਜਤਾਉਣ ਆਉਣ ਵਾਲੇ ਹਨ।

ਹੁਣ ਗਿੱਪੀ ਗਰੇਵਾਲ ਨੇ ਸੰਜੇ ਦੱਤ ਨਾਲ ਮੁਲਾਕਾਤ ਕਰਦਿਆਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਸੰਜੇ ਦੱਤ ਨੇ ਸਿੱਧੂ ਮੂਸੇ ਵਾਲਾ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ।

ਗਿੱਪੀ ਗਰੇਵਾਲ ਨੇ ਸੰਜੇ ਦੱਤ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਕੈਪਸ਼ਨ ’ਚ ਲਿਖਿਆ, ‘‘ਸੰਜੇ ਭਾਅ ਜੀ ਦੀ ਦਰਿਆਦਿਲੀ ਬਾਰੇ ਬਹੁਤ ਸੁਣਿਆ ਸੀ। ਸੱਚ ਦੱਸਾਂ ਤਾਂ ਉਹ ਇਸ ਤੋਂ ਕਿਤੇ ਜ਼ਿਆਦਾ ਵੱਧ ਹਨ। ਉਨ੍ਹਾਂ ਦੀ ਸਾਡੇ ਪੰਜਾਬ ਤੇ ਪੰਜਾਬੀਅਤ ਪ੍ਰਤੀ ਬਹੁਤ ਇੱਜ਼ਤ ਹੈ। ਉਨ੍ਹਾਂ ਨੇ ਛੋਟੇ ਵੀਰ ਸਿੱਧੂ ਮੂਸੇ ਵਾਲਾ ਪ੍ਰਤੀ ਵੀ ਦੁੱਖ ਪ੍ਰਗਟਾਇਆ ਹੈ।’’

ਦੱਸ ਦੇਈਏ ਕਿ ਸੰਜੇ ਦੱਤ ਨਾਲ ਗਿੱਪੀ ਗਰੇਵਾਲ ਨੇ ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਸੰਜੇ ਦੱਤ ਦੀ ਇਸੇ ਮਹੀਨੇ ‘ਸ਼ਮਸ਼ੇਰਾ’ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ। ਉਥੇ ਗਿੱਪੀ ਗਰੇਵਾਲ ਨੇ ਅੱਜ ਆਪਣੀ ਇਕ ਅਨਟਾਈਟਲਡ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ, ਜੋ 8 ਮਾਰਚ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਇਸ ਫ਼ਿਲਮ ’ਚ ਗਿੱਪੀ ਗਰੇਵਾਲ ਨਾਲ ਰਾਜ ਸ਼ੋਕਰ, ਤਾਨੀਆ, ਰੇਨੂ ਕੌਸ਼ਲ, ਅਨੀਤਾ ਦੇਵਗਨ, ਨਿਰਮਲ ਰਿਸ਼ੀ ਤੇ ਹਰਦੀਪ ਗਿੱਲ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਪੰਕਜ ਬਤਰਾ ਡਾਇਰੈਕਟਰ ਕਰ ਰਹੇ ਹਨ ਤੇ ਇਸ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ।