ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਖਿਆ ਕਿ ਪੰਜਾਬ ਨੇ ਚੰਡੀਗੜ੍ਹ ਤੋਂ ਆਪਣਾ ਦਾਅਵਾ ਨਹੀਂ ਛੱਡਿਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਹੋਰ ਵਿਰੋਧੀਆਂ ਵੱਲੋਂ ਇਸ ਬਾਰੇ ਗ਼ਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਸ੍ਰੀ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਵੱਲੋਂ ਕੇਂਦਰ ਨਾਲ ਮਿਲੀਭੁਗਤ ਕਰਕੇ ਚੰਡੀਗੜ੍ਹ ਤੋਂ ਪੰਜਾਬ ਦੇ ਦਾਅਵੇ ਨੂੰ ਕਮਜ਼ੋਰ ਕੀਤਾ ਗਿਆ ਹੈ ਅਤੇ ਅਕਾਲੀ ਸਰਕਾਰ ਦੇ ਵੇਲੇ ਤਾਂ ਪੰਜਾਬ ਦੇ ਸਾਰੇ ਦਫਤਰ ਮੁਹਾਲੀ ਵਿਖੇ ਤਬਦੀਲ ਕਰ ਦਿੱਤੇ ਗਏ ਸਨ ਅਤੇ ਨਵਾਂ ਚੰਡੀਗੜ੍ਹ ਵੀ ਸਥਾਪਤ ਕੀਤਾ ਗਿਆ ਸੀ।

ਇੱਥੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਦੇ ਬਾਹਰ ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਮੁੱਖ ਮੰਤਰੀ ਮਾਨ ਨੇ ਦੋਸ਼ ਲਾਇਆ ਕਿ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਬਾਦਲ ਦੀ ਕੇਂਦਰ ਦੀਆਂ ਸਰਕਾਰਾਂ ਨੇ ਨਾਲ ਮਿਲਭੁਗਤ ਸੀ ਅਤੇ ਕਿਹਾ ਕਿ ਉਹ ਦੱਸਣ ਉਨ੍ਹਾਂ ਨੇ ਸੱਤਾ ਵਿੱਚ ਹੁੰਦਿਆਂ ਚੰਡੀਗੜ੍ਹ ’ਤੇ ਦਾਅਵੇ ਬਾਰੇ ਚੁੱਪੀ ਕਿਉਂ ਸਾਧੀ ਰੱਖੀ। ਉਨ੍ਹਾਂ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਮੀਡੀਆ ਸਾਹਮਣੇ ‘ਨਿਰਮੂਲ ਬਿਆਨਬਾਜ਼ੀ’ ਕਰਕੇ ਸਿਆਸੀ ਲਾਹਾ ਖੱਟਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਬੇਹਤਰੀ ਸਬੰਧੀ ਸਾਰੇ ਫੈਸਲੇ ਲੋਕਾਂ ਦੀ ਰਾਇ ਨਾਲ ਲਏ ਜਾ ਰਹੇ ਹਨ।