ਮੁੰਬਈ (ਬਿਊਰੋ) – ਹਾਲੀਵੁੱਡ ਸੁਪਰ ਸਟਾਰ ਡਵੇਨ ਜਾਨਸਨ ਇੰਨੀਂ ਦਿਨੀਂ ਆਪਣੀ ਨਵੀਂ ਫ਼ਿਲਮ ਨੂੰ ਲੈ ਕੇ ਕਾਫ਼ੀ ਚਰਚਾ ‘ਚ ਹੈ। ਉਹ ਇਸ ਫ਼ਿਲਮ ਦੀ ਲਗਾਤਾਰ ਪ੍ਰਮੋਸ਼ਨ ਕਰ ਰਿਹਾ ਹੈ। ਜਾਨਸਨ ਨੇ ਕੁਝ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸਾਂਝਾ ਕਰਕੇ ਕਿਹਾ ਸੀ ਕਿ ਉਹ ਜਿੰਮ ਤੋਂ ਬਾਅਦ ਪਾਣੀ ਦੀ ਬੋਤਲ ‘ਚ ਪੇਸ਼ਾਬ ਕਰਦਾ ਹੈ। ਇਸ ਸਭ ਦੇ ਚੱਲਦੇ ਹੁਣ ਡਵੇਨ ਜਾਨਸਨ ਨੇ ਇਸ ਦੀ ਵਜ੍ਹਾ ਵੀ ਦੱਸੀ ਹੈ। ਇੱਕ ਮੈਗਜੀਨ ਨੂੰ ਇੰਟਰਵਿਊ ਦਿੰਦੇ ਹੋਏ ਉਸ ਨੇ ਆਪਣੀ ਇਸ ਅਜੀਬ ਆਦਤ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ।

ਇਸ ਇੰਟਰਵਿਊ ਮੁਤਾਬਿਕ, ਜਾਨਸਨ ਨੇ ਦੱਸਿਆ ਕਿ, ”ਮੈਂ ਅਸਲ ‘ਚ ਪਾਣੀ ਦੀ ਬੋਤਲ ‘ਚ ਪੇਸ਼ਾਬ ਕਰਦਾ ਹਾਂ ਪਰ ਮੈਨੂੰ ਦੱਸਣ ਦਿਓ ਇਸ ਤਰ੍ਹਾਂ ਮੈਂ ਕਿਉਂ ਕਰਦਾ ਹਾਂ। ਇਹ ਉਸ ਤਰ੍ਹਾਂ ਦੀਆਂ ਬੋਤਲਾਂ ਨਹੀਂ ਹਨ, ਜਿਨ੍ਹਾ ਨੂੰ ਮੈਂ ਪਾਣੀ ਲਈ ਖਰੀਦਦਾ ਹਾਂ, ਜਿਨ੍ਹਾਂ ਨੂੰ ਅਸੀਂ ਕੰਮ ਖ਼ਤਮ ਹੋਣ ਤੋਂ ਬਾਅਦ ਧੋਂਦੇ ਹਾਂ ਤੇ ਸਾਫ ਕਰਦੇ ਹਾਂ। ਇਹ ਸਿਰਫ਼ ਉਹ ਬੋਤਲਾਂ ਹਨ, ਜਿਨ੍ਹਾਂ ਨੂੰ ਮੈਂ ਹੁਣ ਵਰਤਦਾ ਨਹੀਂ ਹਾਂ। ਜ਼ਿਆਦਾਤਰ ਜਿਨ੍ਹਾਂ ਜਿੰਮਾਂ ‘ਚ ਮੈਂ ਵਰਕ ਆਊਟ ਕਰਦਾ ਹਾਂ, ਉਨ੍ਹਾਂ ‘ਚੋਂ ਬਹੁਤ ਸਾਰਿਆਂ ‘ਚ ਬਾਥਰੂਮ ਨਹੀਂ ਹੁੰਦੇ ਹਨ। ਮੈਨੂੰ ਦਿਨ ‘ਚ ਕਈ ਵਾਰ ਹਲਕਾ ਹੋਣਾ ਪੈਂਦਾ ਹੈ। ਇਸ ਲਈ ਇਨ੍ਹਾਂ ਬੋਤਲਾਂ ਦੀ ਵਰਤੋ ਕਰਦਾ ਹਾਂ।”’

ਦੱਸ ਦਈਏ ਕਿ ਸਾਲ 2017 ‘ਚ ਇੰਸਟਾਗ੍ਰਾਮ ਦੀ ਇੱਕ ਵੀਡੀਓ ‘ਚ ਡਵੇਨ ਜਾਨਸਨ ਨੇ ਦੱਸਿਆ ਸੀ ਕਿ ਉਹ ਬੋਤਲ ‘ਚ ਪੇਸ਼ਾਬ ਕਰਦਾ ਹੈ। ਉਸ ਸਮੇਂ ਡਵੇਨ ਜਾਨਸਨ ਨੇ ਦੱਸਿਆ ਸੀ ਕਿ ਉਹ ਇਸ ਤਰ੍ਹਾਂ ਇਸ ਲਈ ਕਰਦਾ ਹੈ ਕਿਉਂਕਿ ਉਸ ਕੋਲ ਬਾਥਰੂਮ ਬਰੇਕ ਲੈਣ ਦਾ ਸਮਾਂ ਨਹੀਂ ਹੁੰਦਾ ਹੈ।

ਦੱਸਣਯੋਗ ਹੈ ਕਿ ਹਾਲ ਹੀ ‘ਚ ਡਵੇਨ ਜਾਨਸਨ ਦੀਆਂ ਦੋ ਫ਼ਿਲਮਾਂ ਰਿਲੀਜ਼ ਹੋਈਆਂ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਰੱਜ ਕੇ ਪਿਆਰ ਮਿਲ ਰਿਹਾ ਹੈ। ਬੀਤੇ ਦਿਨੀਂ ਉਨ੍ਹਾਂ ਦੀ ਫ਼ਿਲਮ ‘ਜੰਗਲ ਕਰੂਜ਼’ ਭਾਰਤ ‘ਚ 12 ਨਵੰਬਰ ਨੂੰ ਹੌਟ ਸਟਾਰ ‘ਤੇ ਰਿਲੀਜ਼ ਹੋਈ ਅਤੇ ਉਥੇ ਹੀ ਦੂਜੀ ਫ਼ਿਲਮ ‘ਰੈੱਡ ਨੋਟਿਸ’ 12 ਨਵੰਬਰ ਨੂੰ ਨੈੱਟਫਲਿਸ ‘ਤੇ ਰਿਲੀਜ਼ ਹੋਈ ਹੈ।