ਵਿੱਕੀ ਮਿੱਡੂਖੇੜਾ ਦੇ ਕਤਲ ਦੇ ਮਾਮਲੇ ’ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦੀ ਅੰਤ੍ਰਿਮ ਜ਼ਮਾਨਤ ਸਮੇਤ ਦੋ ਪਟੀਸ਼ਨਾਂ ’ਤੇ ਅੱਜ ਪੰਜਾਬ ਹਰਿਆਣਾ ਹਾਈਕੋਰਟ ’ਚ ਸੁਣਵਾਈ ਕੀਤੀ ਗਈ। ਇਸ ਕੇਸ ’ਚ ਕੋਰਟ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਕੋਰਟ ਨੇ ਵਿੱਕੀ ਮਿੱਡੂਖੇੜਾ ਮਾਮਲੇ ’ਚ ਪੰਜਾਬ ਪੁਲਸ ਦੀ ਜਾਂਚ ’ਤੇ ਸਵਾਲ ਚੁੱਕੇ ਹਨ। ਕਿਹਾ ਕਿ ਇਸ ਮਾਮਲੇ ’ਚ ਕੀ ਤੁਸੀਂ ਸਾਇੰਟਫਿਕ ਜਾਂਚ ਕੀਤੀ, ਸਿਰਫ਼ ਟਾਵਰ ਲੋਕੇਸ਼ਨ ਦੇ ਆਧਾਰ ’ਤੇ ਕਿਸੇ ਨੂੰ ਅਪਰਾਧੀ ਨਹੀਂ ਮੰਨਿਆ ਜਾ ਸਕਦਾ।

ਸਰਕਾਰੀ ਵਕੀਲ ਸ਼ਗਨਪ੍ਰੀਤ ਦੀ ਟਾਵਰ ਲੋਕੇਸ਼ਨ ਦਾ ਹਵਾਲਾ ਦੇ ਰਹੇ ਸਨ। ਇਸ ’ਤੇ ਕੋਰਟ ਨੇ ਵਕੀਲ ਨੂੰ ਟੋਕਦੇ ਹੋਏ ਕਿਹਾ ਕਿ ਕੀ ਆਈ. ਐੱਮ. ਈ. ਆਈ. ਨੰਬਰ ਅਤੇ ਨੰਬਰ ਦੀ ਲੋਕੇਸ਼ਨ ਦੀ ਵੀ ਜਾਂਚ ਕੀਤੀ ਤਾਂ ਇਸ ’ਤੇ ਸਰਕਾਰੀ ਵਕੀਲ ਨੇ ਕਿਹਾ ਕਿ ਨਹੀਂ। ਸਰਕਾਰੀ ਵਕੀਲ ਨੇ ਮੰਨਿਆ ਕਿ ਇਸ ਤਰ੍ਹਾਂ ਦੀ ਜਾਂਚ ’ਚ ਅਸੀਂ ਪਿੱਛੇ ਹਾਂ। ਵਿੱਕੀ ਮਿੱਡੂਖੇੜਾ ਕਤਲ ਕੇਸ ’ਚ ਸ਼ਗਨਪ੍ਰੀਤ ਨੇ ਜ਼ਮਾਨਤ ਦੇ ਨਾਲ-ਨਾਲ ਆਪਣੀ ਸੁਰੱਖਿਆ ਦੀ ਵੀ ਅਪੀਲ ਕੀਤੀ ਸੀ।

ਪਿਛਲੇ ਸਾਲ ਮੋਹਾਲੀ ‘ਚ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ‘ਚ ਦੋਸ਼ੀ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਨੇ ਹਾਈਕੋਰਟ ‘ਚ ਦੋ ਪਟੀਸ਼ਨਾਂ ਦਾਇਰ ਕਰਕੇ ਸੁਰੱਖਿਆ ਦੇ ਨਾਲ-ਨਾਲ ਆਪਣੀ ਜ਼ਮਾਨਤ ਦੀ ਮੰਗ ਵੀ ਕੀਤੀ ਸੀ। ਜਿਸ ‘ਤੇ ਦੋਵਾਂ ਧਿਰਾਂ ਦੀ ਸੁਣਵਾਈ ਤੋਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ | ਸ਼ਗਨਪ੍ਰੀਤ ਨੇ ਵੀ ਖ਼ਤਰੇ ਦਾ ਹਵਾਲਾ ਦਿੰਦਿਆਂ ਗੋਲਡੀ ਬਰਾੜ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।

ਸ਼ਗਨਪ੍ਰੀਤ ਇਸ ਸਮੇਂ ਆਸਟ੍ਰੇਲੀਆ ’ਚ ਹੈ। ਉਸ ਨੇ ਪਟੀਸ਼ਨ ਜ਼ਰੀਏ ਹਾਈਕੋਰਟ ’ਚ ਦਾਅਵਾ ਕੀਤਾ ਕਿ ਪਹਿਲਾਂ ਉਸ ਦਾ ਨਾਂ ਇਸ ਕਤਲ ਕਾਂਡ ’ਚ ਨਹੀਂ ਸੀ। ਪੁਲਸ ਨੇ ਬਾਅਦ ’ਚ ਉਸ ਨੂੰ ਨਾਮਜ਼ਦ ਕੀਤਾ ਹੈ। ਉਸ ਦਾ ਇਸ ਕਤਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਸ ਨੇ ਮੰਗ ਕੀਤੀ ਕਿ ਉਸ ਨੂੰ ਅੰਗਿ੍ਰਮ ਜ਼ਮਾਨਤ ਦਿੱਤੀ ਜਾਵੇ। ਉਥੇ ਹੀ ਆਸਟ੍ਰੇਲੀਆ ਤੋਂ ਵਾਪਸ ਆਉਣ ’ਤੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਤੋਂ ਸਕਿਓਰਿਟੀ ਕੀਤੀ ਜਾਵੇ।

ਮੋਹਾਲੀ ਪੁਲਸ ਦੇ ਡੀ. ਐੱਸ. ਪੀ. ਸੁਖਨਾਜ ਸਿੰਘ ਨੇ ਹਾਈਕੋਰਟ ’ਚ ਦਿੱਤੀ ਰਿਪੋਰਟ ’ਚ ਕਿਹਾ ਕਿ ਸ਼ਗਨਪ੍ਰੀਤ ਹੀ ਮਿੱਡੂਖੇੜਾ ਕਤਲ ਕਾਂਡ ਦਾ ਮਾਸਟਰਮਾਈਂਡ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਸ਼ੁਰੂਆਤੀ ਸਬੂਤਾਂ ਤੋਂ ਇਹ ਸਪੱਸ਼ਟ ਹੈ ਕਿ ਸ਼ਗਨ ਨੇ ਬੰਬੀਹਾ ਗਰੁੱਪ ਗੈਂਗ ਦੇ ਗੌਰਵ ਪਟਿਆਲ ਉਰਫ਼ ਲੱਕੀ ਪਟਿਆਲ ਦੇ ਨਾਲ ਮਿਲ ਕੇ ਸਾਜਿਸ਼ ਰਚੀ। ਉਨ੍ਹਾਂ ਕਿਹਾ ਕਿ ਸ਼ਗਨ ਨੇ ਕਿਸ ਦੇ ਕਹਿਣ ’ਤੇ ਪੂਰੀ ਪਲਾਨਿੰਗ ਇਹ ਪਤਾ ਕਰਨ ਲਈ ਉਸ ਨੂੰ ਕਸਟਡੀ ’ਚ ਲੈ ਕੇ ਇੰਟੈਰੋਗੇਸ਼ਨ ਜ਼ਰੂਰੀ ਹੈ।