ਬਾਲੀਵੁੱਡ ਵਾਂਗ ਪੰਜਾਬ ਦੀ ਮਿਊਜ਼ਿਕ ਇੰਡਸਟਰੀ ਦੇ ਜ਼ਿਆਦਾਤਰ ਨੌਜਵਾਨ ਗਾਇਕਾਂ ਦੇ ਨਾਲ ਉੱਤਰੀ ਭਾਰਤ ’ਚ ਸਰਗਰਮ ਪ੍ਰਮੁੱਖ ਗੈਂਗਸਟਰ ਗਰੁੱਪਾਂ ਦੇ ਡੂੰਘੇ ਸਬੰਧ ਮੰਨੇ ਜਾਂਦੇ ਹਨ। ਗਾਇਕਾਂ ਨੂੰ ਆਪਣੇ-ਆਪਣੇ ਇਸ਼ਾਰਿਆਂ ’ਤੇ ਚਲਾਉਣ ਦੀ ਹੋੜ ਨਾਲ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਗਾਇਆ ਗਾਣਾ ‘ਬੰਬੀਹਾ ਬੋਲੇ’ ਉਸ ਦੇ ਕਤਲ ਦਾ ਅਹਿਮ ਕਾਰਨ ਬਣ ਕੇ ਸਾਹਮਣੇ ਆ ਰਿਹਾ ਹੈ। ਪੁਲਸ ਗ੍ਰਿਫ਼ਤ ’ਚ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੁੱਛਗਿੱਛ ’ਚ ਜੋ ਖ਼ੁਲਾਸੇ ਕੀਤੇ ਹਨ, ਉਸ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਨਜ਼ਰ ਆ ਰਹੀ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਗੈਂਗਸਟਰਵਾਦ ਪੂਰੀ ਤਰ੍ਹਾਂ ਘਰ ਕਰ ਚੁੱਕਾ ਹੈ, ਜਿਸ ਦੀ ਵਰਤੋਂ ਗੈਂਗਸਟਰ ਨਾ ਸਿਰਫ ਲੱਖਾਂ ਰੁਪਏ ਦੀ ਐਕਸਟਾਰਸ਼ਨ ਮਨੀ ਸਿੰਗਰਾਂ ਤੋਂ ਵਸੂਲਣ ਦਾ ਕੰਮ ਕਰ ਰਹੇ ਸਨ, ਸਗੋਂ ਉਨ੍ਹਾਂ ’ਤੇ ਆਪਣੇ ਲਈ ਗਾਣੇ ਵੀ ਗੁਆਉਣ ਦਾ ਲਗਾਤਾਰ ਦਬਾਅ ਬਣਾਉਂਦੇ ਸਨ।

ਤਿਹਾੜ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਗਏ ਲਾਰੈਂਸ ਬਿਸ਼ਨੋਈ ਨੇ ਪੁਲਸ ਪੁੱਛ-ਗਿੱਛ ’ਚ ਜਿੱਥੇ ਇਸ ਗੱਲ ਦਾ ਖ਼ੁਲਾਸਾ ਕੀਤਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਦਾ ਮੁੱਖ ਕਾਰਨ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣਾ ਹੈ, ਨਾਲ ਹੀ ਇਸ ਤੋਂ ਇਲਾਵਾ ਵੀ ਕਈ ਅਜਿਹੇ ਕਾਰਨ ਹਨ, ਜਿਨ੍ਹਾਂ ਕਰ ਕੇ ਉਸ ਦੇ ਗੈਂਗ ਦੇ ਨਿਸ਼ਾਨੇ ’ਤੇ ਮੂਸੇਵਾਲਾ ਸੀ। ਪੁਲਸ ਪੁੱਛਗਿੱਛ ’ਚ ਲਾਰੈਂਸ ਨੇ ਖ਼ੁਲਾਸਾ ਕੀਤਾ ਕਿ ਉਸ ਵੱਲੋਂ ਮੂਸੇਵਾਲਾ ਨੂੰ ‘ਬੰਬੀਹਾ ਬੋਲੇ’ ਗਾਣਾ ਨਾ ਗਾਉਣ ਦੀ ਸਲਾਹ ਦਿੱਤੀ ਗਈ ਸੀ। ਬਾਵਜੂਦ ਇਸ ਦੇ ਮੂਸੇਵਾਲਾ ਨੇ ਨਾ ਸਿਰਫ ਇਹ ਗੀਤ ਗਾਇਆ, ਸਗੋਂ ਦੇਸ਼-ਵਿਦੇਸ਼ ’ਚ ਇਸ ਗਾਣੇ ਨੂੰ ਲੋਕਾਂ ਨੇ ਬੇਹੱਦ ਪਸੰਦ ਕੀਤਾ। ਅਸਲ ’ਚ ਬਿਸ਼ਨੋਈ ਗੈਂਗ ਅਤੇ ਬੰਬੀਹਾ ਗੈਂਗ ਦੀ ਦੁਸ਼ਮਣੀ ਕਾਫੀ ਪੁਰਾਣੀ ਹੈ। ਮੋਗਾ ਦੇ ਰਹਿਣ ਵਾਲੇ ਦਵਿੰਦਰ ਬੰਬੀਹਾ ਨੇ ਅਪਰਾਧ ਦੀ ਦੁਨੀਆ ’ਚ ਸਿਰਫ ਚਾਰ ਸਾਲਾਂ ਵਿਚ ਨਾ ਸਿਰਫ ਵੱਡਾ ਨਾਂ ਬਣਾ ਲਿਆ ਸੀ, ਸਗੋਂ ਉਸ ਨੇ ਬਿਸ਼ਨੋਈ ਗੈਂਗ ਨਾਲ ਸਬੰਧਿਤ ਕਈ ਮੈਂਬਰਾਂ ਦਾ ਕਤਲ ਵੀ ਕੀਤਾ ਸੀ, ਜਿਸ ਤੋਂ ਬਾਅਦ ਤੋਂ ਦੋਵੇਂ ਗੈਂਗਾਂ ’ਚ ਚੱਲ ਰਹੀ ਦੁਸ਼ਮਣੀ ਹੁਣ ਤੱਕ ਕਈ ਜਾਨਾਂ ਨਿਗਲ ਚੁੱਕੀ ਹੈ।

ਸਰਪੰਚ ਰਵੀ ਖਵਾਜਕੇ ਦੇ ਵਿਆਹ ਸਮਾਗਮ ’ਚ ਅੰਦਰ ਦਾਖ਼ਲ ਹੋ ਕੇ ਗੋਲੀਆਂ ਮਾਰ ਕੇ ਕਤਲ ਕਰ ਕੇ ਚਰਚਾ ਵਿਚ ਆਏ ਦਵਿੰਦਰ ਬੰਬੀਹਾ ਨੇ ਇਕ ਤੋਂ ਬਾਅਦ ਇਕ ਕਈ ਕਤਲਾਂ ਨੂੰ ਅੰਜਾਮ ਦਿੱਤਾ, ਜਿਸ ਨੂੰ ਬਾਅਦ ਵਿਚ ਪੁਲਸ ਐਨਕਾਊਂਟਰ ਵਿਚ ਮਾਰ ਦਿੱਤਾ ਗਿਆ ਸੀ ਪਰ ਮਰਨ ਤੋਂ ਬਾਅਦ ਵੀ ਉਸ ਦਾ ਗੈਂਗ ਪੰਜਾਬ ਅਤੇ ਹਰਿਆਣਾ ’ਚ ਲਗਾਤਾਰ ਸਰਗਰਮ ਰਿਹਾ ਹੈ, ਜਿਸ ਨੂੰ ਹੁਣ ਲੱਕੀ ਪਟਿਆਲ ਚਲਾ ਰਿਹਾ ਹੈ। ਜਦੋਂ ਮੂਸੇਵਾਲਾ ਨੇ ‘ਬੰਬੀਹਾ ਬੋਲੇ’ ਗਾਣਾ ਗਾਇਆ ਤਾਂ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਗੈਂਗ ਨੂੰ ਅਜਿਹਾ ਲੱਗਾ ਕਿ ਉਸ ਦੇ ਗੈਂਗ ਨੂੰ ਚਿੜਾਉਣ ਲਈ ਮੂਸੇਵਾਲਾ ਨੇ ਅਜਿਹਾ ਕੀਤਾ ਹੈ। ਇਸ ਤੋਂ ਇਲਾਵਾ ਵੀ ਲਾਰੈਂਸ ਵੱਲੋਂ ਸਿੱਧੂ ਮੂਸੇਵਾਲਾ ਨੂੰ ਵਿਰੋਧੀ ਗੈਂਗ ਦੇ ਹਮਾਇਤੀਆਂ ਵੱਲੋਂ ਕਰਵਾਏ ਸਮਾਗਮ ਵਿਚ ਜਾ ਕੇ ਪਰਫਾਰਮੈਂਸ ਕਰਨ ਤੋਂ ਮਨ੍ਹਾ ਕਰਨ ਦੀ ਚਰਚਾ ਹੈ।

ਉਧਰ, ਇਨ੍ਹਾਂ ਗੱਲਾਂ ਨੂੰ ਲੈ ਕੇ ਮੂਸੇਵਾਲਾ ਅਤੇ ਲਾਰੈਂਸ ’ਚ ਚੱਲ ਰਹੀ ਖਿੱਚੋਤਾਣ ਨੇ ਉਸ ਸਮੇਂ ਗੰਭੀਰ ਮੋੜ ਲਿਆ, ਜਦੋਂ ਅਕਾਲੀ ਨੇਤਾ ਮਿੱਡੂਖੇੜਾ ਦਾ ਦੋ ਸ਼ੂਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਉਸ ਮਾਮਲੇ ’ਚ ਪੁਲਸ ਜਾਂਚ ਦੌਰਾਨ ਸਿੱਧੂ ਦੇ ਕਰੀਬੀ, ਜਿਸ ਨੂੰ ਉਸ ਦਾ ਮੈਨੇਜਰ ਦੱਸਿਆ ਜਾਂਦਾ ਸੀ, ਦਾ ਨਾਮ ਸਾਹਮਣੇ ਆਉਣ ਅਤੇ ਉਸ ਦੇ ਦੇਸ਼ ਤੋਂ ਫ਼ਰਾਰ ਹੋ ਜਾਣ ਤੋਂ ਬਾਅਦ ਇਹ ਦੁਸ਼ਮਣੀ ਹੋਰ ਡੂੰਘੀ ਹੋ ਗਈ ਹੈ ਅਤੇ ਜੇਲ੍ਹ ਤੋਂ ਹੀ ਲਾਰੈਂਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਪਲਾਨ ਕੀਤੀ। ਇਸ ਮਾਮਲੇ ਨੂੰ ਸੁਲਝਾਉਣ ਦੇ ਕਾਫੀ ਕਰੀਬ ਪੁੱਜ ਚੁੱਕੀ ਪੰਜਾਬ ਪੁਲਸ ਹੁਣ ਇਸ ਗੱਲ ਦੀ ਵੀ ਜਾਂਚ ਕਰਨ ’ਚ ਜੁੱਟੀ ਹੋਈ ਹੈ ਕਿ ਥੋੜ੍ਹੇ ਸਮੇਂ ’ਚ ਸਫਲਤਾ ਦੇ ਸਾਰੇ ਰਿਕਾਰਡ ਤੋੜਨ ਵਾਲੇ ਮੂਸੇਵਾਲਾ ਦੀ ਕਾਮਯਾਬੀ ਤੋਂ ਪਰੇਸ਼ਾਨ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਸਬੰਧਿਤ ਕੋਈ ਸ਼ਖਸ ਤਾਂ ਕਿਤੇ ਇਸ ਕਤਲਕਾਂਡ ’ਚ ਸ਼ਾਮਲ ਤਾਂ ਨਹੀਂ ਹੈ।