ਖੰਨਾ ਦੀ ਜਗਤ ਕਾਲੋਨੀ ਵਿਖੇ ਰਹਿਣ ਵਾਲੀ ਪੰਜਾਬੀ ਗਾਇਕਾ ਕੰਚਨ ਬਾਵਾ ਦੇ ਪੁੱਤਰ ਨੂੰ ਸ਼ਰੇਆਮ ਗੋਲੀਆਂ ਚਲਾਉਣੀਆਂ ਮਹਿੰਗੀਆਂ ਪੈ ਗਈਆਂ। ਪੁਲਸ ਨੇ ਇਸ ਦੌਰਾਨ ਜ਼ਖਮੀ ਹੋਏ ਸ਼ੁਭਮ ਦੀ ਸ਼ਿਕਾਇਤ ’ਤੇ ਕੰਚਨ ਬਾਵਾ ਦੇ ਪੁੱਤਰਾਂ ਰੋਹਿਤ ਬਾਵਾ ਤੇ ਕੈਂਡੀ ਬਾਵਾ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਅਨੁਸਾਰ ਉਹ ਹਰਿਆਣਾ ਦੇ ਜੀਂਦ ’ਚ ਕੱਪੜੇ ਦੀ ਦੁਕਾਨ ’ਤੇ ਕੰਮ ਕਰਦਾ ਹੈ। ਹੁਣ ਕਰੀਬ ਇਕ ਮਹੀਨੇ ਤੋਂ ਉਹ ਆਪਣੀ ਮਾਸੀ ਦੇ ਲੜਕੇ ਕਪਤਾਨ ਸਿੰਘ ਵਾਸੀ ਕਬਜ਼ਾ ਫੈਕਟਰੀ ਰੋਡ ਖੰਨਾ ਨੂੰ ਮਿਲਣ ਆਇਆ ਹੋਇਆ ਸੀ, ਜਿਸ ਨੇ ਸਪਾ ਸੈਂਟਰ ਖੋਲ੍ਹ ਰੱਖਿਆ ਹੈ। ਸਪਾ ਸੈਂਟਰ ’ਚ ਉਸ ਦੀ ਪਤਨੀ ਸੰਦੀਪ ਕੌਰ ਤੋਂ ਇਲਾਵਾ 5 ਕੁੜੀਆਂ ਕੰਮ ਕਰਦੀਆਂ ਹਨ।

ਇਨ੍ਹਾਂ ਤੋਂ ਇਲਾਵਾ ਰਿੱਕੀ ਵਾਸੀ ਵਿਵੇਕ ਵਿਹਾਰ ਦਿੱਲੀ ਜੋ ਕਿ ਕੰਚਨ ਬਾਵਾ ਦੀ ਪੀ.ਜੀ. ‘ਚ ਰਹਿੰਦੀ ਹੈ, ਉਹ ਵੀ ਕੰਮ ਕਰਦੀ ਹੈ। ਕੰਚਨ ਬਾਵਾ ਨੇ ਬੀਤੀ 13 ਜੂਨ ਨੂੰ ਬਿਨਾਂ ਪੁੱਛੇ ਮਹੀਨਾ ਖਤਮ ਹੋਣ ਤੋਂ ਪਹਿਲਾਂ ਹੀ ਸਪਾ ਸੈਂਟਰ ’ਚ ਕੰਮ ਕਰਨ ਵਾਲੀ ਰਿੱਕੀ ਬਾਲਾ ਦਾ ਕਮਰਾ ਕਿਰਾਏ ’ਤੇ ਕਿਸੇ ਹੋਰ ਨੂੰ ਦੇ ਦਿੱਤਾ ਸੀ। 12 ਜੂਨ ਨੂੰ ਜਦੋਂ ਉਹ ਆਪਣੇ ਕਮਰੇ ‘ਚ ਗਈ ਤਾਂ ਕਮਰੇ ਵਿੱਚ ਕੰਨੂ ਅਤੇ ਉਸ ਦਾ ਦੋਸਤ ਪ੍ਰੀਤ ਵਾਸੀ ਰਾਹੋਣ ਮੌਜੂਦ ਸਨ। 13 ਜੂਨ ਨੂੰ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਰਿੱਕੀ ਦੀ ਕੰਨੂ ਤੇ ਉਸ ਦੇ ਦੋਸਤ ਪ੍ਰੀਤ ਨਾਲ ਬਹਿਸ ਹੋ ਗਈ, ਜਿਸ ਕਾਰਨ ਰਿੱਕੀ ਨੇ ਕਪਤਾਨ ਨੂੰ ਫੋਨ ਕਰਕੇ ਉੱਥੇ ਬੁਲਾਇਆ, ਜਿਵੇਂ ਹੀ ਉਹ ਆਪਣੀ ਗੱਡੀ ’ਚ ਸਵਾਰ ਹੋ ਕੇ ਉਥੇ ਪਹੁੰਚੇ ਤਾਂ ਕਰੀਬ 12.30 ਵਜੇ ਮਕਾਨ ਮਾਲਕ ਦੇ ਲੜਕੇ ਰੋਹਿਤ ਬਾਵਾ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਇੰਨਾ ਹੀ ਨਹੀਂ, ਇਸ ਤੋਂ ਬਾਅਦ ਉਹ ਉਸ ਨੂੰ ਜ਼ਮੀਨ ’ਤੇ ਪਟਕਾ ਕੇ ਮਾਰਦਾ ਰਿਹਾ, ਜਿਸ ਕਾਰਨ ਉਸ ਨੂੰ ਕਾਫੀ ਸੱਟਾਂ ਲੱਗੀਆਂ।

ਇਸੇ ਦੌਰਾਨ ਕਥਿਤ ਦੋਸ਼ੀ ਰੋਹਿਤ ਬਾਵਾ ਨੇ ਆਪਣੇ ਵੱਡੇ ਭਰਾ ਕੈਂਡੀ ਬਾਵਾ ਨੂੰ ਫੋਨ ਕਰਕੇ ਰਿਵਾਲਵਰ ਲਿਆਉਣ ਲਈ ਕਿਹਾ, ਜਿਸ ਕਾਰਨ ਕੁਝ ਦੇਰ ਬਾਅਦ ਕੈਂਡੀ ਆਪਣਾ ਰਿਵਾਲਵਰ ਉਥੇ ਲੈ ਆਇਆ। ਉਸ ਨੇ ਆਉਂਦਿਆਂ ਹੀ ਆਪਣੇ ਰਿਵਾਲਵਰ ਤੋਂ 2 ਹਵਾਈ ਫਾਇਰ ਕੀਤੇ, ਜਿਸ ਨਾਲ ਉਸ ਦੀ ਜਾਨ ਨੂੰ ਖ਼ਤਰਾ ਵਧ ਗਿਆ। ਉਸ ਨੇ ਭੱਜ ਕੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ਤਾਂ ਉਸ ਦੇ ਭਰਾ ਕੈਪਟਨ ਨੇ ਉਸ ਨੂੰ ਇਲਾਜ ਲਈ ਖੰਨਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਪੁਲਸ ਨੂੰ ਐੱਮ.ਐੱਲ.ਆਰ. ਰਾਹੀਂ ਜਾਣਕਾਰੀ ਦਿੱਤੀ। ਪੁਲਸ ਨੇ ਬਿਆਨ ਦਰਜ ਕਰਕੇ ਦੋਵੇਂ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਭਿੰਦਰ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀਆਂ ਦੀ ਭਾਲ ਜਾਰੀ ਹੈ।