ਪੌਪ ਸਟਾਰ ਬ੍ਰਿਟਨੀ ਸਪੀਅਰਸ ਤੇ ਲੰਮੇ ਸਮੇਂ ਤੋਂ ਉਸ ਦੇ ਪ੍ਰੇਮੀ ਰਹੇ ਸੈਮ ਅਸਗਰੀ ਅਧਿਕਾਰਕ ਤੌਰ ’ਤੇ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਜੋੜੇ ਨੇ ਵੀਰਵਾਰ ਰਾਤ ਨੂੰ ਵਿਆਹ ਕਰਵਾਇਆ। ਅਸਗਰੀ ਦੇ ਪ੍ਰਤੀਨਿਧੀ ਬ੍ਰੈਂਡਨ ਕੋਹੇਨ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

ਕੋਹੇਨ ਨੇ ਇਕ ਬਿਆਨ ’ਚ ਕਿਹਾ, ‘‘ਮੈਂ ਜਾਣਦਾ ਹਾਂ ਕਿ ਸੈਮ ਲੰਮੇ ਸਮੇਂ ਤੋਂ ਇਹ ਚਾਹੁੰਦੇ ਸਨ। ਉਹ ਹਰ ਕਦਮ ’ਤੇ ਬਹੁਤ ਖਿਆਲ ਰੱਖਣ ਤੇ ਸਾਥ ਦੇਣ ਵਾਲੇ ਹਨ। ਮੈਂ ਬਹੁਤ ਖ਼ੁਸ਼ ਹਾਂ ਕਿ ਸੈਮ ਮੇਰੀ ਜ਼ਿੰਦਗੀ ਦਾ ਹਿੱਸਾ ਹਨ ਤੇ ਮੈਂ ਉਨ੍ਹਾਂ ਨਾਲ ਮਿਲ ਕੇ ਭਵਿੱਖ ਵੱਲ ਵਧਣ ਨੂੰ ਲੈ ਕੇ ਉਤਸ਼ਾਹਿਤ ਹਾਂ।’’

ਜੋੜੇ ਨੇ ਕੈਲੀਫੋਰਨੀਆ ’ਚ ਥਾਊਜ਼ੈਂਡ ਓਕਸ ’ਚ ਸਪੀਅਰਸ ਦੇ ਘਰ ਵਿਖੇ ਇਕ ਨਿੱਜੀ ਸਮਾਰੋਹ ’ਚ ਵਿਆਹ ਕਰਵਾਇਆ, ਜਿਸ ’ਚ ਮੈਡੋਨਾ, ਸੈਲੇਨਾ ਗੋਮੇਜ਼, ਡੂ ਬੈਰੀਮੋਰ ਤੇ ਪੈਰਿਸ ਹਿਲਟਨ ਆਦਿ ਮਹਿਮਾਨਾਂ ਨੇ ਸ਼ਿਰਕਤ ਕੀਤੀ। ਸਪੀਅਰਸ ਦੇ ਬੱਚੇ ਵਿਆਹ ’ਚ ਨਹੀਂ ਆਏ ਪਰ ਉਨ੍ਹਾਂ ਨੇ ਜੋੜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਮਸ਼ਹੂਰ ਗਾਇਕਾ ਦੇ ਪਿਤਾ ਜੈਮੀ ਸਪੀਅਰਸ, ਮਾਂ ਲਿਨ ਸਪੀਅਰਸ ਤੇ ਭੈਣ ਜੈਮੀ ਲਿਨ ਸਪੀਅਰਸ ਵੀ ਵਿਆਹ ’ਚ ਨਹੀਂ ਆਏ। ਵਿਆਹ ’ਚ ਉਸ ਸਮੇਂ ਥੋੜ੍ਹਾ ਰੰਗ ’ਚ ਭੰਗ ਪੈ ਗਿਆ, ਜਦੋਂ ਸਪੀਅਰਸ ਦੇ ਪਹਿਲੇ ਪਤੀ ਜੈਸਨ ਐਲੈਕਜ਼ੈਂਡਰ ਨੇ ਵਿਆਹ ਵਾਲੀ ਜਗ੍ਹਾ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਸਪੀਅਰਸ ਤੇ ਐਲੈਕਜ਼ੈਂਡਰ ਨੇ 2004 ’ਚ ਵਿਆਹ ਕਰਵਾਇਆ ਸੀ ਤੇ ਉਨ੍ਹਾਂ ਦਾ ਵਿਆਹ ਸਿਰਫ 55 ਘੰਟਿਆਂ ’ਚ ਹੀ ਟੁੱਟ ਗਿਆ। ਗਾਇਕਾ ਨੇ ਫੇਡੇਰਲਾਈਨ ਨਾਲ ਵੀ ਵਿਆਹ ਕਰਵਾਇਆ ਸੀ ਤੇ ਦੋਵਾਂ ਨੇ 2007 ’ਚ ਤਲਾਕ ਲੈ ਲਿਆ ਸੀ।