ਸਿੱਧੂ ਮੂਸੇ ਵਾਲਾ ਨੂੰ ਅਮਰੀਕਾ ਵਿੱਚ ਉਸ ਦੇ ਪ੍ਰਸ਼ੰਸਕਾਂ ਵੱਲੋਂ ਭਾਵਪੂਰਨ ਸ਼ਰਧਾਂਜਲੀ ਦਿੱਤੀ ਗਈ। ਸ਼ਨੀਵਾਰ ਨੂੰ ਮਰਹੂਮ ਗਾਇਕ ਮੂਸੇ ਵਾਲਾ ਦਾ 29ਵਾਂ ਜਨਮਦਿਨ ਸੀ, ਪ੍ਰਸ਼ੰਸਕ ਉਹਨਾਂ ਨੂੰ ਯਾਦ ਕਰਨ ਲਈ ਨਿਊਯਾਰਕ ਸਿਟੀ ਦੇ ਆਈਕਾਨਿਕ ਟਾਈਮਜ਼ ਸਕੁਆਇਰ ‘ਤੇ ਇਕੱਠੇ ਹੋਏ। ਐੱਨ.ਵਾਈ.ਸੀ. ਦੇ ਵੀਡੀਓਜ਼ ਵਿੱਚ ਪ੍ਰਸ਼ੰਸਕਾਂ ਨੂੰ ਸਿੱਧੂ ਦੇ ਗੀਤਾਂ ਰਾਹੀਂ ਗਾਇਕ ਨੂੰ ਯਾਦ ਕਰਦੇ ਦੇਖਿਆ ਗਿਆ। ਸਿੱਧੂ ਮੂਸੇ ਵਾਲਾ ਨੂੰ 29 ਮਈ ਨੂੰ ਪੰਜਾਬ ਵਿੱਚ ਗੋਲੀ ਮਾਰ ਦਿੱਤੀ ਗਈ ਸੀ।

ਐੱਨ.ਵਾਈ.ਸੀ. ਦੇ ਵੀਡੀਓਜ਼ ਵਿੱਚ ਪ੍ਰਸ਼ੰਸਕ Nasdaq MarketSite ਦਫਤਰ ਦੇ ਬਾਹਰ ਇਕੱਠੇ ਹੋਏ, ਜਿੱਥੇ ਉਹਨਾਂ ਦੇ ਗਾਣੇ ਵੱਡੀ ਸਕ੍ਰੀਨ ‘ਤੇ ਚਲਾਏ ਗਏ ਜਦੋਂ ਕਿ ਪ੍ਰਸ਼ੰਸਕਾਂ ਨੇ ਨਾਲ-ਨਾਲ ਗੀਤ ਗਾਏ। ਵੱਖ-ਵੱਖ ਉਮਰ ਦੇ ਪ੍ਰਸ਼ੰਸਕ ਇਕੱਠੇ ਹੋਏ ਸਨ। ਕੁਝ ਲੋਕਾਂ ਨੇ ਹੈਸ਼ਟੈਗ ਨਾਲ ਵੀਡੀਓ ਸਾਂਝੀਆਂ ਕੀਤੀਆਂ, ‘ਜਸਟਿਸ ਫਾਰ ਸਿੱਧੂ ਮੂਸੇ ਵਾਲਾ।’ ਮੂਸੇਵਾਲਾ ਦੇ ਜਨਮਦਿਨ ‘ਤੇ ਕਈ ਪੰਜਾਬੀ ਸਿਤਾਰਿਆਂ, ਪ੍ਰਸ਼ੰਸਕਾਂ ਅਤੇ ਗਾਇਕ ਦੇ ਪਰਿਵਾਰਕ ਮੈਂਬਰਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟਾਂ ਰਾਹੀਂ ਉਨ੍ਹਾਂ ਨੂੰ ਯਾਦ ਕੀਤਾ।

ਜ਼ਿਕਰਯੋਗ ਹੈ ਕਿ ਮੂਸੇਵਾਲਾ, ਜੋ ਕਿ ਇੱਕ ਕਾਂਗਰਸੀ ਆਗੂ ਵੀ ਸੀ, ਦਾ ਮਾਨਸਾ ਜ਼ਿਲ੍ਹੇ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਇੱਕ ਦਿਨ ਪਹਿਲਾਂ ਸੂਬਾ ਸਰਕਾਰ ਨੇ ਉਸ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਸੀ। ਪੋਸਟਮਾਰਟਮ ਰਿਪੋਰਟ ਮੁਤਾਬਕ ਗਾਇਕ ਦੇ ਸਰੀਰ ‘ਤੇ 19 ਗੋਲੀਆਂ ਦੇ ਨਿਸ਼ਾਨ ਸਨ। ਉਸ ਦਾ ਚਚੇਰਾ ਭਰਾ ਅਤੇ ਇੱਕ ਦੋਸਤ, ਜੋ ਉਸ ਨਾਲ ਜੀਪ ਵਿੱਚ ਸਫ਼ਰ ਕਰ ਰਹੇ ਸਨ, ਵੀ ਹਮਲੇ ਵਿੱਚ ਜ਼ਖ਼ਮੀ ਹੋ ਗਏ ਅਤੇ ਹੁਣ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਕਤਲ ਦੇ ਮੁੱਖ ਸ਼ੱਕੀ ਵਜੋਂ ਸਾਹਮਣੇ ਆਇਆ ਹੈ।ਐਸ.ਆਈ.ਟੀ. ਜਾਂਚ ਦੀ ਅਗਵਾਈ ਕਰ ਰਹੇ ਸੀਨੀਅਰ ਸੁਪਰਡੈਂਟ ਆਫ਼ ਪੁਲਸ ਗੌਰਵ ਤੂਰਾ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਮੀਡੀਆ ਨੂੰ ਦੱਸਿਆ ਸੀ ਕਿ ਪੁਲਸ ਨੂੰ ਅਹਿਮ ਸੁਰਾਗ ਮਿਲੇ ਹਨ ਅਤੇ ਉਹ ਉਨ੍ਹਾਂ ‘ਤੇ ਕੰਮ ਕਰ ਰਹੇ ਹਨ।