ਨਾਈਜੀਰੀਆ ਦੇ ਰੈਪਰ ਬਰਨਾ ਬੁਆਏ ਨੇ ਆਪਣੇ ਇੱਕ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਤਾਂ ਸੋਸ਼ਲ ਮੀਡੀਆ ਉੱਤੇ ਪੰਜਾਬੀਆਂ ਨੇ ਉਨ੍ਹਾਂ ਬਾਰੇ ਲੱਭਣਾ ਸ਼ੁਰੂ ਕਰ ਦਿੱਤਾ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਇਸ ਸ਼ੋਅ ਦਾ ਵੀਡੀਓ ਕਾਫੀ ਵਾਇਰਲ ਹੋਇਆ ਹੈ। ਇਸ ਵੀਡੀਓ ਵਿੱਚ ਬਰਨਾ ਬੁਆਏ ਆਪਣੀ ਪੇਸ਼ਕਾਰੀ ਦੌਰਾਨ ਸਿੱਧੂ ਮੂਸੇਵਾਲਾ ਦਾ ਨਾਂ ਲੈਂਦੇ ਹਨ.ਇਸ ਮਗਰੋਂ ਉਹ ਭਾਵੁਕ ਹੋ ਕੇ ਆਪਣੇ ਚਿਹਰੇ ਨੂੰ ਆਪਣੀ ਬਾਂਹ ਨਾਲ ਲੁਕਾ ਲੈਂਦੇ ਹਨ। ਇਸ ਮਗਰੋਂ ਉਹ ਸਿੱਧੂ ਮੂਸੇਵਾਲਾ ਦੇ ਅੰਦਾਜ਼ ਵਿੱਚ ਥਾਪੀ ਮਾਰ ਕੇ ਹੱਥ ਚੁੱਕਦੇ ਹਨ।ਬਰਨਾ ਬੁਆਏ ਦੀ ਇਹ ਵੀਡੀਓ ਕਾਫੀ ਵਾਇਰਲ ਹੋਈ ਹੈ। ਲੋਕਾਂ ਨੇ ਇਸ ਤਰ੍ਹਾਂ ਉਨ੍ਹਾਂ ਵੱਲੋਂ ਸਿੱਧੂ ਮੂਸੇਲਵਾਲਾ ਨੂੰ ਸ਼ਰਧਾਂਜਲੀ ਦੇਣ ‘ਤੇ ਉਨ੍ਹਾਂ ਦੀ ਤਾਰੀਫ਼ ਕੀਤੀ ਹੈ।ਜ਼ਿਕਰਯੋਗ ਹੈ ਕਿ ਬਰਨਾ ਬੁਆਏ ਨੇ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਇੱਕ ਟਵੀਟ ਕੀਤਾ ਸੀ।

ਉਨ੍ਹਾਂ ਨੇ ਲਿਖਿਆ ਸੀ, ”ਲੈਜੰਡ ਕਦੇ ਮਰਦੇ ਨਹੀਂ। ਸਿੱਧੂ ਮੂਸੇਵਾਲਾ ਦੇ ਆਤਮਾ ਨੂੰ ਸ਼ਾਂਤੀ ਮਿਲੇ। ਅਜੇ ਵੀ ਸੱਚ ਮਹਿਸੂ ਨਹੀਂ ਹੋ ਰਿਹਾ।”ਸਿੱਧੂ ਮੂਸੇਵਾਲਾ ਨੂੰ ਬੀਤੀ 29 ਮਈ ਨੂੰ ਪੰਜਾਬ ਦੇ ਮਾਨਸਾ ਵਿਚ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ। ਜਿਸ ਨਾਲ ਦੁਨੀਆਂ ਭਰ ਵਿਚ ਉਨ੍ਹਾਂ ਦੇ ਫੈਨ ਸੋਗ ਵਿਚ ਹਨ।ਸਿੱਧੂ ਮੂਸੇਵਾਲਾ ਪੰਜਾਬੀ ਦਾ ਕੌਮਾਂਤਰੀ ਪੱਧਰ ਦਾ ਪੌਪ ਸਟਾਰ ਸੀ। ਉਸ ਨੂੰ ਘੇਰ ਕੇ ਦਿਨ-ਦਿਹਾੜੇ ਅਤਿਆਧੁਨਿਕ ਹਥਿਆਰਾਂ ਨਾਲ ਕਤਲ ਕੀਤਾ ਜਾਣਾ ਸਮੁੱਚੇ ਸਮਾਜ ਲਈ ਦੁੱਖਦਾਇਕ ਅਤੇ ਪ੍ਰੇਸ਼ਾਨੀ ਵਾਲਾ ਹੈ।

ਸਿੱਧੂ ਮੂਸੇਵਾਲਾ ਦੇ ਕਤਲ ਨੂੰ ਪੰਜਾਬ ਪੁਲਿਸ ਨੇ ਜਿਵੇਂ ਗੈਂਗਵਾਰ ਨਾਲ ਜੋੜਿਆ ਹੈ, ਉਸ ਨੇ ਪਿਛਲੇ ਕੁਝ ਸਮੇਂ ਤੋਂ ਹੋ ਰਹੀਆਂ ਹਿੰਸਕ ਵਾਰਦਾਤਾਂ ਪ੍ਰਤੀ ਲੋਕਾਂ ਦੀ ਚਿੰਤਾਂ ਨੂੰ ਸਿਖ਼ਰਾਂ ਉੱਤੇ ਪਹੁੰਚਾ ਦਿੱਤਾ ਹੈ।ਪੰਜਾਬ ਨੇ ਲੰਬਾ ਸਮਾਂ ਦੌਰ ਦੇਖਿਆ ਹੈ ਅਤੇ ਕਬੱਡੀ ਖਿਡਾਰੀ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਵਰਗੇ ਕਤਲਾਂ ਨੇ ਪੰਜਾਬ ਦੇ ਲੋਕਾਂ ਅੱਗੇ ਉਸੇ ਵਰਗਾ ਦੌਰ ਮੁੜਨ ਦਾ ਡਰ ਤੇ ਸਹਿਮ ਪਾ ਦਿੱਤਾ ਹੈ।ਬਰਨਾ ਬੁਆਏ ਦਾ ਅਸਲੀ ਨਾਂ ਡੈਮਿਨੀ ਓਗੁਲੂ ਹੈ। ਬਰਨਾ ਬੁਆਏ ਦਾ ਜਨਮ ਨਾਈਜੀਰੀਆ ਦੇ ਪੋਰਟ ਹਾਰੋਕੋਰਟ ਵਿੱਚ ਹੋਇਆ ਸੀ।ਬਰਨਾ ਬੁਆਏ ਦੀ ਪਹਿਲੀ ਐਲਬਮ 2013 ਵਿੱਚ ‘ਲਾਈਫ ਐਨ ਐਕਰੋਨੀਅਮ ਫਾਰ ਲੀਵਿੰਗ ਐਨ ਇਮਪੈਕਟ ਫਾਰ ਇਟਰਨਿਟੀ’ ਆਈ ਸੀ।ਉਸ ਮਗਰੋਂ 2015 ਵਿੱਚ ਉਨ੍ਹਾਂ ਐਲਬਮ ‘ਰਿਡਮਸ਼ਨ’ ਆਈ ਸੀ। ਸਾਲ 2018 ਵਿੱਚ ਆਈ ਉਨ੍ਹਾਂ ਦੀ ਐਲਬਮ ‘ਆਊਟਸਾਈਡ ਦਾ ਗੀਤ ‘ਯੇ’ ਕੌਮਾਂਤਰੀ ਪੱਧਰ ਤੇ ਪ੍ਰਸਿੱਧ ਹੋਇਆ ਸੀ।


ਸਾਲ 2019 ਵਿੱਚ ਅਸਲ ਵਿੱਚ ਉਨ੍ਹਾਂ ਨੂੰ ਅਸਲ ਪਛਾਣ ਮਿਲੀ ਜਦੋਂ ਉਹ ਗਰੈਮੀ ਐਵਾਰਡਜ਼ ਲਈ ਨਾਮਜ਼ਦ ਹੋਏ ਸੀ।


ਬਰਨਾ ਬੁਆਏ ਦੀ ਤੁਲਨਾ ਮਸ਼ਹੂਰ ਨਾਈਜੀਰੀਅਨ ਰੈਪਰ ਫੇਲਾ ਰੈਨਸਮ ਕੁਟੀ ਨਾਲ ਕੀਤੀ ਜਾਂਦੀ ਹੈ।ਬਰਨਾ ਬੁਆਏ ਅਫਰੀਕਾ ਦੀਆਂ ਸਮਾਜਿਕ ਸਮੱਸਿਆਵਾਂ ਬਾਰੇ ਵੀ ਕਾਫੀ ਬੋਲਦੇ ਰਹੇ ਹਨ। ਦੱਖਣੀ ਅਫਰੀਕਾ ਵਿੱਚ ਸਾਲ 2019 ਵਿੱਚ ਵਧੇ ਨਸਲੀ ਹਮਲਿਆਂ ਨੂੰ ਲੈ ਕੇ ਬੁਰਨਾ ਬੁਆਏ ਨੇ ਸਟੈਂਡ ਲਿਆ ਸੀ। ਸਾਲ 2019 ਵਿੱਚ ਜਦੋਂ ਚੀਨੀ ਲੋਕਾਂ ਉੱਪਰ ਨਸਲੀ ਹਮਲਿਆਂ ਵਿੱਚ ਬੇਤਹਾਸ਼ਾ ਵਾਧਾ ਹੋਇਆ ਤਾਂ ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਸਰਕਾਰ ਨੇ ਕੋਈ ਐਕਸ਼ਨ ਨਾ ਲਿਆ ਤਾਂ ਉਹ ਦੇਸ ਵਿੱਚ ਕਦਮ ਨਹੀਂ ਰੱਖਣਗੇ।ਉਨ੍ਹਾਂ ਨੇ ਬੀਤੇ ਸਾਲ ਨਾਈਜੀਰੀਆ ਵਿੱਚ ਪੁਲਿਸ ਦੇ ਤਸ਼ੱਦਦ ਖਿਲਾਫ਼ ਹੋਏ ਮੁਜ਼ਾਹਰਿਆਂ ਵਿੱਚ ਵੀ ਹਿੱਸਾ ਲਿਆ ਸੀ।ਉਨ੍ਹਾਂ ਨੇ ਪੀੜਤਾਂ ਲਈ ਫੰਡਜ਼ ਦਾ ਪ੍ਰਬੰਧ ਵੀ ਕੀਤਾ ਗਿਆ ਸੀ।ਅਕਤੂਬਰ 2020 ਵਿੱਚ ਲਾਗੋਸ ਵਿੱਚ ਲੇਕੀ ਟੋਲ ਗੇਟ ਉੱਤੇ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਉਨ੍ਹਾਂ ਨੇ ਗੀਤ ਵੀ ਲਿਖਿਆ ਸੀ।ਹਾਲ ਹੀ ਵਿੱਚ ਸੈਨੇਗਲ ਦੇਸ ਵਿੱਚ ਜਦੋਂ ਵਿਰੋਧੀ ਧਿਰ ਦੇ ਨੇਤਾ ਓਸਮੇਨ ਸੌਨਕੋ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ ਸੀ।ਉਨ੍ਹਾਂ ਮੁਜ਼ਾਹਰਾਕਾਰੀਆਂ ਦੇ ਹੱਕ ਵਿੱਚ ਬਰਨਾ ਬੁਆਏ ਨੇ ਟਵੀਟ ਕੀਤਾ ਸੀ।ਸਾਲ 2019 ਵਿੱਚ ਉਨ੍ਹਾਂ ਨੂੰ ਐਲਬਮ ਅਫਰੀਕਨ ਜਾਇੰਟ ਲਈ ਪਹਿਲੀ ਵਾਰ ਗਰੈਮੀ ਐਵਾਰਡ ਲਈ ਨਾਮਜ਼ਦ ਕੀਤਾ ਗਿਆ।ਆਖਰ ਸਾਲ 2021 ਵਿੱਚ ਉਨ੍ਹਾਂ ਨੂੰ ਇਹ ਵੱਕਾਰੀ ਪੁਰਸਕਾਰ ਹਾਸਲ ਹੋਇਆ। ਉਨ੍ਹਾਂ ਨੂੰ ‘ਬੈਸਟ ਗਲੋਬਲ ਮਿਊਜ਼ਿਕ ਐਲਬਮ’ ਵਰਗ ਵਿੱਚ ਇਹ ਇਨਾਮ ਦਿੱਤਾ ਗਿਆ।ਇਸ ਵਰਗ ਵਿੱਚ ਉਨ੍ਹਾਂ ਦੀ ‘ਟਵਾਈਸ ਐਜ਼ ਟਾਲ’ ਐਲਬਮ ਲਈ ਇਹ ਇਨਾਮ ਮਿਲਿਆ।ਦਿਲਚਸਪ ਗੱਲ ਸੀ ਕਿ ਕੋਰੋਨਾ ਮਹਾਮਾਰੀ ਕਾਰਨ ਇਹ ਇਨਾਮ ਵੰਡ ਸਮਾਗਮ ਬਿਨਾਂ ਦਰਸ਼ਕਾਂ ਦੇ ਹੀ ਕੀਤਾ ਗਿਆ ਸੀ।ਸਿੱਧੂ ਮੂਸੇਵਾਲਾ ਨੂੰ ਮੰਚ ਉੱਤੇ ਸ਼ਰਧਾਜ਼ਲੀ ਦੇਣ ਅਤੇ ਉਸ ਵਾਂਗ ਥਾਪੀ ਮਾਰ ਕੇ ਹੱਥ ਖੜਾ ਕਰਨ ਅਤੇ ਰੋਣ ਲੱਗ ਜਾਣ ਕਾਰਨ, ਪੰਜਾਬੀਆਂ ਵਿੱਚ ਬਰਨਾ ਬੁਆਏ ਦੀ ਕਾਫੀ ਚਰਚਾ ਹੋ ਰਹੀ।