ਇਸ ਸੰਸਾਰ ਦੇ ਵਿਚ ਜਦੋ ਕੋਈ ਇਨਸਾਨ ਜਨਮ ਲੈਂਦਾ ਹੈ ਤਾਂ ਉਸ ਦਾ ਇਹ ਸੁਪਨਾ ਜ਼ਰੂਰ ਹੁੰਦਾ ਹੈ ਕਿ ਉਸ ਦਾ ਆਪਣਾ ਇਕ ਮੁਕਾਮ ਹੋਵੇ। ਆਪਣੇ ਉਸ ਮੁਕਾਮ ਨੂੰ ਪਾਉਣ ਵਾਸਤੇ ਉਹ ਜੀਅ ਤੋੜ ਮਿਹਨਤ ਕਰਦਾ ਹੈ। ਆਪਣੀ ਉਸ ਮੰਜ਼ਿਲ ਉਪਰ ਪਹੁੰਚਣ ਦੇ ਲਈ ਉਹ ਆਪਣੇ ਅੰਦਰਲੀ ਕਲਾ ਨੂੰ ਉਜਾਗਰ ਕਰਦਾ ਹੈ ਤਾਂ ਜੋ ਲੋਕ ਉਸ ਨੂੰ ਪਸੰਦ ਕਰਨ ਅਤੇ ਉਸ ਨੂੰ ਹੱਲਾਸ਼ੇਰੀ ਦੇਣ। ਸਾਡੇ ਦੇਸ਼ ਭਾਰਤ ਵਿੱਚ ਵੀ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਸੋਸ਼ਲ ਮੀਡੀਆ ਦੇ ਜ਼ਰੀਏ ਸਟਾਰ ਬਣ ਚੁੱਕੇ ਹਨ। ਇਨ੍ਹਾਂ ਹੀ ਸਟਾਰ ਵਿੱਚੋ ਇੱਕ ਟੀਵੀ ਅਦਾਕਾਰਾ ਅਮਰੀਨ ਭੱਟ ਵੀ ਸੀ ਜਿਸ ਨੂੰ ਅੱਤਵਾਦੀਆਂ ਨੇ ਪਿਛਲੇ ਦਿਨੀਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। Amreen Bhat was a TikTok artist and a TV star.

ਜਾਣਕਾਰੀ ਮਿਲੀ ਹੈ ਕਿ ਉਕਤ ਅਦਾਕਾਰਾ ਟਿਕਟੋਕ ਦੇ ਜ਼ਰੀਏ ਸਟਾਰ ਬਣੀ ਸੀ ਅਤੇ ਅੱਜ-ਕੱਲ੍ਹ ਇੰਸਟਾਗ੍ਰਾਮ ਉਪਰ ਰੀਲਜ਼ ਬਣਾਉਂਦੀ ਸੀ। ਇਹ ਘਟਨਾ ਕਸ਼ਮੀਰ ਦੇ ਬੜਗਾਂਵ ਜ਼ਿਲੇ ਦੇ ਹਿਸ਼ਰੂ ਇਲਾਕੇ ਦੀ ਦੱਸੀ ਜਾ ਰਹੀ ਹੈ ਜਿੱਥੇ ਬੁੱਧਵਾਰ ਦੇਰ ਰਾਤ ਤਕਰੀਬਨ 8 ਵਜੇ ਅਮਰੀਨ ਆਪਣੇ 10 ਸਾਲਾ ਭਤੀਜੇ ਫੁਰਹਾਨ ਜ਼ੁਬੈਰ ਦੇ ਨਾਲ ਘਰ ਦੇ ਬਾਹਰ ਖੜ੍ਹੀ ਹੋਈ ਸੀ। ਇਸੇ ਦੌਰਾਨ ਹੀ ਕੁਝ ਅੱਤਵਾਦੀ ਆਏ ਜਿਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਲੱਗਣ ਸਾਰ ਹੀ ਅਮਰੀਨ ਅਤੇ ਉਸ ਦਾ ਭਤੀਜਾ ਖੂਨ ਨਾਲ ਲੱਥਪੱਥ ਹੋ ਕੇ ਜ਼ਮੀਨ ਉਪਰ ਡਿੱਗ ਪਏ।

ਇਹ ਹਾਦਸਾ ਹੁੰਦੇ ਸਾਰ ਹੀ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਛਾ ਗਿਆ। ਪਰਿਵਾਰ ਵਾਲਿਆਂ ਨੇ ਬਿਨਾਂ ਦੇਰੀ ਕੀਤੇ ਅਮਰੀਨ ਅਤੇ ਉਸ ਦੇ ਭਤੀਜੇ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉੱਥੇ ਅਮਰੀਨ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਦ ਕਿ ਉਸ ਦੇ ਭਤੀਜੇ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਪੁਲਿਸ ਦੇ ਦੱਸਣ ਮੁਤਾਬਕ ਇਹ ਗੋਲੀਬਾਰੀ ਲਸ਼ਕਰ ਦੇ 3 ਅੱਤਵਾਦੀਆਂ ਵੱਲੋਂ ਕੀਤੀ ਗਈ ਸੀ। ਇਸ ਘਟਨਾ ਦੀ ਨਿੰਦਾ ਕਰਦੇ ਹੋਏ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਆਖਿਆ ਕਿ ਅਸੀਂ ਅੱਤਵਾਦੀ ਵਿਵਸਥਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਲਈ ਵਚਨਬੱਧ ਹਾਂ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅੱਬਦੁੱਲਾ ਨੇ ਵੀ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ।