ਪਾਕਿਸਤਾਨੀ ਸੰਸਦ ਮੈਂਬਰ ਆਮਿਰ ਲਿਆਕਤ ਨੇ ਬੈੱਡਰੂਮ ਦੀ ਵੀਡੀਓ ਲੀਕ ਹੋਣ ਤੋਂ ਬਾਅਦ ਦੇਸ਼ ਛੱਡਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਰੋਂਦੇ ਹੋਏ ਨਜ਼ਰ ਆ ਰਹੇ ਹਨ।

ਆਮਿਰ ਲਿਆਕਤ ਹੁਸੈਨ ਨੇ ਇੰਸਟਾਗ੍ਰਾਮ ‘ਤੇ 52 ਮਿੰਟ ਦਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਉਨ੍ਹਾਂ ਕਿਹਾ, ‘ਇਸਲਾਮ ਦਾ ਸਕਾਲਰ ਕਿਵੇਂ ਨਸ਼ੇੜੀ ਹੋ ਸਕਦਾ ਹੈ।’ ਵੀਡੀਓ ਨੂੰ ਪੋਸਟ ਕਰਦੇ ਹੋਏ ਆਮਿਰ ਲਿਆਕਤ ਨੇ ਕੈਪਸ਼ਨ ‘ਚ ਲਿਖਿਆ, ‘ਮੈਂ ਉਨ੍ਹਾਂ ਸਾਰਿਆਂ ਤੋਂ ਮੁਆਫੀ ਮੰਗਦਾ ਹਾਂ ਜਿਨ੍ਹਾਂ ਦੇ ਦਿਲਾਂ ਨੂੰ ਮੇਰੇ ਕਰਕੇ ਠੇਸ ਪਹੁੰਚੀ ਹੈ। ਜਾਣ ਤੋਂ ਪਹਿਲਾਂ ਮੈਂ ਉਨ੍ਹਾਂ ਤੋਂ ਮੁਆਫੀ ਮੰਗਦਾ ਹਾਂ। ਮੇਰੇ ‘ਤੇ ਮਿਹਰਬਾਨੀ ਕਰਨ ਵਾਲਿਆਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਅਤੇ ਮੈਂ ਮਰਨ ਤੋਂ ਪਹਿਲਾਂ ਇਹ ਕਰਜ਼ਾ ਚੁਕਾ ਦਿਆਂਗਾ।’

ਆਮਿਰ ਲਿਆਕਤ ਨੇ ਵੀਡੀਓ ਵਿੱਚ ਕਿਹਾ, ਮੈਂ ਪਾਕਿਸਤਾਨ ਤੋਂ ਜਾ ਰਿਹਾ ਹਾਂ ਅਤੇ ਇੱਥੇ ਨਹੀਂ ਰਹਾਂਗਾ, ਕਿਉਂਕਿ ਇਹ ਦੇਸ਼ ਹੁਣ ਰਹਿਣ ਦੇ ਲਾਇਕ ਨਹੀਂ ਰਿਹਾ। ਇੱਥੇ ਮਾਹੌਲ ਵਿਗੜ ਗਿਆ ਹੈ ਅਤੇ ਮੇਰਾ ਦਿਲ ਬਹੁਤ ਦੁਖੀ ਹੈ। ਮੇਰੇ ਵੱਲ ਉਂਗਲਾਂ ਉਠਾਈਆਂ ਗਈਆਂ ਅਤੇ ਇਤਰਾਜ਼ਯੋਗ ਵੀਡੀਓ ਲਈ ਮੀਮ ਬਣਾਏ ਗਏ। ਇਸ ਕਾਰਨ ਮੈਂ ਦੁਖੀ ਹੋਇਆ, ਪਰ ਫਿਰ ਵੀ ਮੈਂ ਹੱਸਦਾ ਰਿਹਾ ਅਤੇ ਇਸ ਤੋਂ ਬਚਦਾ ਰਿਹਾ। ਯੂ-ਟਿਊਬ ‘ਤੇ ਵਾਇਰਲ ਹੋ ਰਹੀ ਇਤਰਾਜ਼ਯੋਗ ਵੀਡੀਓ ਨੂੰ ਹਟਾਉਣ ਦੀ ਕਿਸੇ ਨੇ ਖੇਚਲ ਨਹੀਂ ਕੀਤੀ।

ਵੀਡੀਓ ‘ਚ ਆਮਿਰ ਲਿਆਕਤ ਨੇ ਆਪਣੀ ਤੀਜੀ ਪਤਨੀ ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਦਾਨੀਆ ਨੂੰ ਮੁਆਫ ਕਰ ਦਿੱਤਾ ਹੈ। ਉਨ੍ਹਾਂ ਕਿਹਾ, ‘ਦਾਨੀਆ ਨੇ ਚੰਗਾ ਨਹੀਂ ਕੀਤਾ ਪਰ ਮੈਂ ਉਸ ਨੂੰ ਮਾਫ਼ ਕਰ ਦਿੱਤਾ ਹੈ। ਜੇ ਉਹ ਅੱਲ੍ਹਾ ਤੋਂ ਮਾਫ਼ੀ ਮੰਗ ਲਵੇ ਤਾਂ ਮੇਰੇ ਘਰ ਦੇ ਦਰਵਾਜ਼ੇ ਉਸ ਲਈ ਹਮੇਸ਼ਾ ਖੁੱਲ੍ਹੇ ਹੋਏ ਹਨ।