ਹਲਕਾ ਬੰਗਾ ਅਧੀਨ ਪੈੰਦੇ ਪਿੰਡ ਲੰਗੇਰੀ ਦੇ ਨੌਜਵਾਨ ਮਨਜਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਦੀ ਇਟਲੀ ਵਿੱਚ ਭੇਦਭਰੇ ਹਾਲਾਤਾਂ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਉਸ ਦੇ ਪਰਿਵਾਰਿਕ ਮੈਂਬਰਾਂ ਦਾ ਪਿੰਡ ਲੰਗੇਰੀ ਵਿਖੇ ਰੋ-ਰੋ ਕੇ ਬੁਰਾ ਹਾਲ ਹੈ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਜਿੰਦਰ ਸਿੰਘ ਪਿਛਲੇ 14 ਸਾਲਾਂ ਤੋਂ ਇਟਲੀ ਰਹਿ ਰਿਹਾ ਸੀ ਪਰ ਉਹ ਪਿਛਲੀ 5 ਮਈ ਤੋਂ ਗੁੰਮ ਹੋ ਗਿਆ ਸੀ। ਉਸ ਦਾ ਨਾਂ ਤਾਂ ਸਾਨੂੰ ਕੋਈ ਫ਼ੋਨ ਆ ਰਿਹਾ ਸੀ ਤੇ ਨਾ ਹੀ ਉਹ ਕਿਸੇ ਨਾਲ ਕੋਈ ਗੱਲ ਕਰ ਰਿਹਾ ਸੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਇਟਲੀ ਰਹਿੰਦੇ ਹੋਰ ਰਿਸ਼ਤੇਦਾਰਾਂ ਨੂੰ ਮਨਜਿੰਦਰ ਦੀ ਭਾਲ ਕਰਨ ਲਈ ਕਿਹਾ।

ਇਟਲੀ ਰਹਿੰਦੇ ਰਿਸ਼ਤੇਦਾਰਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਵੱਲੋਂ ਚਲਾਏ ਸਰਚ ਅਭਿਆਨ ਦੌਰਾਨ ਨੌਜਵਾਨ ਦੀ ਟੁੱਟੀ ਹੋਈ ਸਾਈਕਲ ਬਰਾਮਦ ਹੋਈ । ਇਸ ਤੋਂ ਕੁਝ ਹੀ ਦੂਰੀ ‘ਤੇ ਪੁਲਿਸ ਨੇ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਜੋ ਕਿ ਮੀਂਹ ਕਾਰਨ ਖਰਾਬ ਹੋ ਗਈ ਸੀ । ਪੁਲਿਸ ਵੱਲੋਂ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਪੋਸਟ ਮਾਰਟਮ ਤੋਂ ਬਾਅਦ ਹੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ।