ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੀ ਦੂਜੀ ਬਾਇਓਪਿਕ ਫ਼ਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ਼ ਗੱਲ ਦੀ ਜਾਣਕਾਰੀ ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕਰਕੇ ਦਿੱਤੀ ਹੈ।

ਪੋਸਟ ’ਚ ਦਿਲਜੀਤ ਦੋਸਾਂਝ ਦੀ ਬਦਲੀ ਲੁੱਕ ਵੀ ਨਜ਼ਰ ਆ ਰਹੀ ਹੈ। ਪੋਸਟ ਨਾਲ ਦਿਲਜੀਤ ਦੋਸਾਂਝ ਲਿਖਦੇ ਹਨ, ‘ਕਰਨ ਕਰਾਵਨ ਆਪੇ ਆਪਿ। ਇਹ ਮੇਰੇ ਹੁਣ ਤਕ ਦੇ ਕਰੀਅਰ ਦਾ ਸਭ ਤੋਂ ਮੁਸ਼ਕਿਲ ਤੇ ਚੁਣੌਤੀ ਭਰਿਆ ਕਿਰਦਾਰ ਹੈ। ਦਿਲ ’ਚ ਬਹੁਤ ਸਾਰੇ ਜਜ਼ਬਾਤ ਲੈ ਕੇ ਫ਼ਿਲਮ ਨੂੰ ਖ਼ਤਮ ਕਰ ਰਹੇ ਹਾਂ। ਹਨੀ ਤ੍ਰੇਹਨ ਭਾਅ ਜੀ ਨੂੰ ਬਹੁਤ ਸਾਰਾ ਮਾਣ ਤੇ ਸਤਿਕਾਰ। ਸਰਬੱਤ ਦਾ ਭਲਾ।’

ਦੱਸ ਦੇਈਏ ਕਿ ਇਸ ਪੋਸਟ ਹੇਠਾਂ ਅਦਾਕਾਰ ਜਗਜੀਤ ਸੰਧੂ ਨੇ ਵੀ ਕੁਮੈਂਟ ਕੀਤਾ ਹੈ, ਜੋ ਇਸ ਫ਼ਿਲਮ ’ਚ ਦਿਲਜੀਤ ਦੋਸਾਂਝ ਨਾਲ ਅਹਿਮ ਭੂਮਿਕਾ ਨਿਭਾਅ ਰਹੇ ਹਨ। ਜਗਜੀਤ ਨੇ ਲਿਖਿਆ, ‘ਸੱਚੀ ਭਾਅ ਜੀ ਤੁਹਾਡਾ ਇਹ ਕਿਰਦਾਰ ਮੈਨੂੰ ਨਿੱਜੀ ਤੌਰ ’ਤੇ ਸਭ ਤੋਂ ਵਧੀਆ ਲੱਗਾ। ਤੁਸੀਂ ਬਹੁਤ ਮਿਹਨਤ ਕੀਤੀ ਇਸ ’ਤੇ ਉਹ ਸਾਫ ਦਿਖਦੀ ਹੈ। ਇਹ ਫ਼ਿਲਮ ਵੀ ਲੋਕਾਂ ਨੂੰ ਲੰਮਾ ਸਮਾਂ ਯਾਦ ਰਹੇਗੀ। ਰੱਬ ਮਿਹਨਤ ਨੂੰ ਭਾਗ ਲਾਵੇ।’

ਜਗਜੀਤ ਦੇ ਇਸ ਕੁਮੈਂਟ ਦਾ ਰਿਪਲਾਈ ਦਿੰਦਿਆਂ ਦਿਲਜੀਤ ਨੇ ਲਿਖਿਆ, ‘ਜੱਗੀ ਵੀਰੇ, ਬਹੁਤ ਵਧੀਆ ਲੱਗਾ ਫਿਰ ਇਕ ਵਾਰੀ ਇਕੱਠੇ ਕੰਮ ਕਰਕੇ। ਬਹੁਤ ਪਿਆਰ ਤੇ ਇੱਜ਼ਤ।’