ਸਿਰ ’ਤੇ ਸਿਹਰਾ ਸਜਾ ਚਾਈਂ-ਚਾਈਂ ਲਾੜਾ ਵਿਆਹ ਕਰਵਾਉਣ ਲਈ ਗਿਆ, ਜਿਸਦੇ ਮੰਦਰ ਵਿਚ ਫੇਰੇ ਵੀ ਹੋ ਗਏ ਪਰ ਲਾੜੀ ਦੀ ਡੋਲੀ ਤੋਰਨ ਮੌਕੇ ਵਿਚੋਲਣ ਵੱਲੋਂ ਦਿਖਾਈ ਗਈ ਦਾਦਾਗਿਰੀ ਕਾਰਨ ਇਸ ਲਾੜੇ ਨੂੰ ਬਿਨਾਂ ਵਹੁਟੀ ਤੋਂ ਬੇਰੰਗ ਪਰਤਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਨੇੜਲੇ ਪਿੰਡ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਪਿੰਡ ’ਚ ਰਹਿੰਦੀ ਇੱਕ ਵਿਚੋਲਣ ਨਾਲ ਰਾਬਤਾ ਕਾਇਮ ਕੀਤਾ ਕਿ ਉਨ੍ਹਾਂ ਦੇ ਪੁੱਤਰ ਦਾ ਇੱਕ ਗਰੀਬ ਪਰਿਵਾਰ ਦੀ ਕੁੜੀ ਨਾਲ ਵਿਆਹ ਕਰਵਾ ਦੇਵੇ। ਵਿਚੋਲਣ ਵਿਆਹ ਕਰਵਾਉਣ ਵਾਲੇ ਨੌਜਵਾਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਰਿਸ਼ਤਾ ਕਰਵਾਉਣ ਲਈ ਕਈ ਜਗ੍ਹਾ ਘੁੰਮਾਉਂਦੀ ਰਹੀ ਅਤੇ ਉਨ੍ਹਾਂ ਦਾ ਖ਼ਰਚ ਵੀ ਕਰਵਾ ਦਿੱਤਾ ਪਰ ਕਿਤੇ ਵੀ ਰਿਸ਼ਤਾ ਪੱਕਾ ਨਾ ਹੋਇਆ।

ਫਿਰ 2 ਦਿਨ ਪਹਿਲਾਂ ਵਿਚੋਲਣ ਨੇ ਨੌਜਵਾਨ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਹਰਿਆਣਾ ਵਿਚ ਗਰੀਬ ਪਰਿਵਾਰ ਦੀ ਕੁੜੀ ਹੈ ਅਤੇ ਉਸਨੇ ਦੂਜੀ ਧਿਰ ਦੀ ਵਿਚੋਲਣ ਨਾਲ ਵੀ ਗੱਲ ਕਰ ਲਈ ਹੈ। ਇਸ ਤੋਂ ਬਾਅਦ ਇਹ ਨੌਜਵਾਨ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਵਿਆਹ ਕਰਵਾਉਣ ਲਈ ਪੰਚਕੂਲਾ ਪਹੁੰਚ ਗਿਆ। ਨੌਜਵਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪੰਚਕੂਲਾ ਦੇ ਮਾਤਾ ਮਨਸਾ ਦੇਵੀ ਮੰਦਰ ਵਿਖੇ ਪੁੱਜੇ, ਜਿੱਥੇ ਵਿਚੋਲਣ ਇੱਕ ਸੁਮਨ ਨਾਮ ਦੀ ਕੁੜੀ ਨੂੰ ਲੈ ਕੇ ਆਈ ਸੀ ਅਤੇ ਖ਼ੁਦ ਨੂੰ ਉਸਦੀ ਮਾਸੀ ਦੱਸ ਰਹੀ ਸੀ। ਕੁੜੀ ਨਾਲ ਉਸਦਾ ਇੱਕ ਭਰਾ ਵੀ ਆਇਆ ਸੀ ਅਤੇ ਮੰਦਰ ਵਿਚ ਹਿੰਦੂ ਰੀਤੀ-ਰਿਵਾਜ਼ਾ ਮੁਤਾਬਕ ਵਿਆਹ ਵੀ ਪੂਰਾ ਹੋ ਗਿਆ।

ਨੌਜਵਾਨ ਅਨੁਸਾਰ ਉਸਨੇ ਵਿਆਹ ਦੌਰਾਨ ਕੁੜੀ ਦੇ ਕੱਪੜੇ ਤੇ ਹੋਰ ਹਾਰ-ਸ਼ਿੰਗਾਰ ਦਾ ਸਮਾਨ ਵੀ ਖ਼ਰੀਦਿਆ ਹੋਇਆ ਸੀ, ਜਿਸ ‘ਤੇ ਉਸਦਾ 50 ਹਜ਼ਾਰ ਰੁਪਏ ਦਾ ਖ਼ਰਚਾ ਆਇਆ। ਇਸ ਤੋਂ ਇਲਾਵਾ ਵਿਚੋਲਣ ਨੇ 5 ਹਜ਼ਾਰ ਨਕਦ ਵੀ ਵਸੂਲ ਲਏ। ਫੇਰਿਆਂ ਤੋਂ ਬਾਅਦ ਜਦੋਂ ਡੋਲੀ ਤੋਰਨ ਦਾ ਸਮਾਂ ਆਇਆ ਤਾਂ ਕੁੜੀ ਨੂੰ ਉਸਦੇ ਪਰਿਵਾਰਕ ਮੈਂਬਰ ਕੋਲਡ ਡਰਿੰਕ ਪਿਆਉਣ ਦੇ ਬਹਾਨੇ ਦੂਜੀ ਗੱਡੀ ਵਿਚ ਲੈ ਗਏ ਅਤੇ ਮੁੰਡੇ ਵਾਲੇ ਕਾਫ਼ੀ ਸਮਾਂ ਉਡੀਕ ਵੀ ਕਰਦੇ ਰਹੇ। ਜਦੋਂ ਇਸ ਸਬੰਧੀ ਉਸ ਨੇ ਆਪਣੀ ਵਿਚੋਲਣ ਨੂੰ ਡੋਲੀ ਤੋਰਨ ਲਈ ਕਿਹਾ ਤਾਂ ਉਸ ਨੇ ਦੱਸਿਆ ਕਿ ਕੁੜੀ ਵਾਲਿਆਂ ਵੱਲੋਂ ਆਈ ਵਿਚੋਲਣ 50 ਹਜ਼ਾਰ ਰੁਪਏ ਦੀ ਮੰਗ ਕਰ ਰਹੀ ਹੈ ਅਤੇ ਇਹ ਪੈਸੇ ਮਿਲਣ ਤੋਂ ਬਾਅਦ ਡੋਲੀ ਤੋਰੀ ਜਾਵੇਗੀ।

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਹੀ ਉਹ 60-70 ਹਜ਼ਾਰ ਰੁਪਏ ਖ਼ਰਚ ਚੁੱਕਾ ਸੀ ਅਤੇ ਫਿਰ ਜਦੋਂ ਉਸਨੇ 50 ਹਜ਼ਾਰ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਦੂਜੀ ਧਿਰ ਦੀ ਵਿਚੋਲਣ ਦਾਦਗਿਰੀ ਦਿਖਾਉਂਦੇ ਹੋਏ ਲਾੜੀ ਨੂੰ ਲੈ ਕੇ ਫ਼ਰਾਰ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਬਿਨਾਂ ਲਾੜੀ ਤੋਂ ਬਿਨਾਂ ਬੇਰੰਗ ਪਰਤਣਾ ਪਿਆ। ਗੁਰਪ੍ਰੀਤ ਸਿੰਘ ਵੱਲੋਂ ਆਪਣੇ ਨਾਲ ਹੋਈ ਲੁੱਟ ਤੇ ਧੱਕੇਸ਼ਾਹੀ ਬਾਰੇ ਮਾਛੀਵਾੜਾ ਪੁਲਸ ਥਾਣਾ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ, ਜਿਸ ’ਤੇ ਉਨ੍ਹਾਂ ਵਲੋਂ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ