ਅਜੋਕੇ ਸਮੇਂ ‘ਚ ਦੇਸ਼ ਭਰ ਵਿੱਚ ਵਿਆਹ ਹੁਣ ਇੱਕ ਸ਼ੋਸ਼ੇਬਾਜ਼ੀ ਬਣਕੇ ਰਹਿ ਚੁੱਕਿਆ ਹੈ । ਅੱਜ ਕੱਲ੍ਹ ਲੋਕ ਵਿਆਹਾਂ ਨੂੰ ਵੱਖਰੇ ਢੰਗ ਦੇ ਨਾਲ ਕਰਵਾਉਂਦੇ ਹਨ । ਜਿਸ ਦੇ ਚਲਦੇ ਵਿਆਹਾਂ ਵਿੱਚ ਲੱਖਾਂ ਕਰੋੜਾਂ ਰੁਪਏ ਬਰਬਾਦ ਕੀਤੇ ਜਾਂਦੇ ਹਨ । ਕਈ ਲੋਕ ਤਾਂ ਅਜਿਹੇ ਹੁੰਦੇ ਹਨ ਜੋ ਕਰਜ਼ਾ ਚੁੱਕ ਕੇ ਧੂਮਧਾਮ ਨਾਲ ਵਿਆਹ ਕਰਦੇ ਹਨ । ਪਰ ਪੰਜਾਬ ਦੇ ਜ਼ਿਲਾ ਅੰਮ੍ਰਿਤਸਰ ਵਿੱਚ ਸ਼ਗਨ ਵਾਲੇ ਟੋਕਰੇ ਕਾਰਨ ਅਜਿਹਾ ਬਵਾਲ ਮੱਚਿਆ ਕਿ ਕੁੜੀ ਨੇ ਵਿਆਹ ਕਰਨ ਤੋਂ ਹੀ ਇਨਕਾਰ ਕਰ ਦਿੱਤਾ । ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਪਿੰਡ ਕਾਲੇ ਵਿੱਚ ਵਿਆਹ ਦੇ ਸ਼ਗਨ ਵਿੱਚ ਟੋਕਰੇ ਕਾਰਨ ਕੁੜੀ ਵਾਲਿਆਂ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ , ਜਿਸ ਤੋਂ ਬਾਅਦ ਲੜਕੇ ਦਾ ਪਰਿਵਾਰ ਪੁਲੀਸ ਸਟੇਸ਼ਨ ਪਹੁੰਚ ਗਿਆ ।

ਜਿਸ ਦੇ ਚਲਦੇ ਹੁਣ ਲਾੜੀ ਦੇ ਪਰਿਵਾਰ ਦਾ ਇਹ ਦੋਸ਼ ਹੈ ਕਿ ਮੁੰਡੇ ਵਾਲਿਆਂ ਨੇ ਉਨ੍ਹਾਂ ਦੇ ਸ਼ਗਨ ਵਾਲਾ ਫਲਾਂ ਦਾ ਟੋਕਰਾ ਉਨ੍ਹਾਂ ਨੂੰ ਵਾਪਸ ਕਰ ਦਿੱਤਾ । ਮੁੰਡੇ ਵਾਲਿਆਂ ਨੇ ਇਸ ਤੋਂ ਇਨਕਾਰ ਕੀਤਾ ਅਤੇ ਹੁਣ ਖਰਚਾ ਦੇਣ ਦੀ ਗੱਲ ਕਹੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਲਾੜੇ ਨੇ ਦੱਸਿਆ ਕਿ ਕੱਲ੍ਹ ਕੁੜੀ ਦੇ ਰਿਸ਼ਤੇਦਾਰ ਸ਼ਗਨ ਦੇਣ ਲਈ ਪਹੁੰਚੇ ਸਨ । ਜਿਸ ਤੋਂ ਬਾਅਦ ਰਵਾਇਤਾਂ ਅਨੁਸਾਰ ਉਸ ਦੇ ਪਰਿਵਾਰਕ ਮੈਂਬਰ ਵੀ ਸ਼ਾਮ ਨੂੰ ਸ਼ਗਨਾਂ ਦਾ ਟੋਕਰਾ ਲੈ ਕੇ ਲੜਕੀ ਘਰ ਪਹੁੰਚੇ ।

ਇਸ ਦੌਰਾਨ ਕੁੜੀ ਵਾਲਿਆਂ ਨੇ ਉਨ੍ਹਾਂ ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਜੋ ਟੋਕਰਾ ਉਨ੍ਹਾਂ ਨੇ ਲਾੜੇ ਨੂੰ ਦਿੱਤਾ ਸੀ ਉਹੀ ਟੋਕਰਾ ਉਨ੍ਹਾਂ ਨੂੰ ਵਾਪਸ ਕੀਤਾ ਜਾ ਰਿਹਾ ਹੈ । ਉਨ੍ਹਾਂ ਨੂੰ ਸਮਝਾਇਆ ਗਿਆ ਕਿ ਇਹ ਨਵੇਂ ਫਲਾਂ ਦਾ ਟੋਕਰਾ ਹੈ ਅਤੇ ਉਨ੍ਹਾਂ ਨੇ ਖੁਦ ਇਸ ਨੂੰ ਬਣਵਾਇਆ ਹੈ ਪਰ ਕੁੜੀ ਵਾਲੇ ਨਹੀਂ ਮੰਨੇ । ਜਿਸ ਤੋਂ ਬਾਅਦ ਇਹ ਵੀ ਬਵਾਲ ਇੰਨਾ ਜ਼ਿਆਦਾ ਵਧ ਗਿਆ ਕਿ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ।

ਲਾੜੇ ਨੇ ਦੱਸਿਆ ਕਿ ਸਵੇਰੇ ਉਸ ਨੂੰ ਕੁੜੀ ਦੇ ਪਰਿਵਾਰਕ ਮੈਂਬਰਾਂ ਦਾ ਫੋਨ ਆਇਆ ਤਾਂ ਉਨ੍ਹਾਂ ਨੇ ਸਾਫ਼ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ । ਉਨ੍ਹਾਂ ਦੱਸਿਆ ਕਿ ਲਾੜੀ ਦਾ ਪਰਿਵਾਰ ਇਹ ਮੰਨਣ ਨੂੰ ਤਿਆਰ ਨਹੀਂ ਹਨ ਕਿ ਉਨ੍ਹਾਂ ਨੇ ਇਹ ਟੋਕਰਾ ਨਵਾਂ ਬਣਵਾ ਕੇ ਕੀਤਾ ਗਿਆ ਹੈ । ਜਿਸ ਦੇ ਚਲਦੇ ਹੁਣ ਲਾੜੇ ਪਰਿਵਾਰ ਵੱਲੋਂ ਥਾਣੇ ਪਹੁੰਚ ਕੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ।