ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਹਾਲ ਹੀ ’ਚ ‘ਬਿੱਗ ਬੌਸ 15’ ਦੀ ਸਟੇਜ ’ਤੇ ਪਹੁੰਚੀ ਤੇ ਸਲਮਾਨ ਖ਼ਾਨ ਨੂੰ ਯਾਦ ਦਿਵਾਇਆ ਕਿ ਉਹ ਪਹਿਲਾਂ ਕਿਵੇਂ ਮਿਲ ਚੁੱਕੇ ਹਨ। ਉਸ ਨੇ ਸਲਮਾਨ ਖ਼ਾਨ ਨੂੰ ਇਹ ਵੀ ਕਿਹਾ ਕਿ ਉਹ ਉਸ ਦੀ ਇਕ ਫ਼ਿਲਮ ਲਈ ਗਾਣਾ ਵੀ ਗਾ ਚੁੱਕੀ ਹੈ। ਉਥੇ ਸਲਮਾਨ ਨੇ ਵੀ ਉਸ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਕਿ ਹਾਂ ਉਨ੍ਹਾਂ ਨੂੰ ਯਾਦ ਹੈ।

ਉਥੇ ਅਫਸਾਨਾ ਖ਼ਾਨ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਉਹ ਬਹੁਤ ਜਲਦ ਵਿਆਹ ਦੇ ਬੰਧਨ ’ਚ ਬੱਝਣ ਵਾਲੀ ਸੀ ਪਰ ਜਦੋਂ ਉਸ ਨੂੰ ‘ਬਿੱਗ ਬੌਸ 15’ ਕਰਨ ਦਾ ਆਫਰ ਮਿਲਿਆ ਤਾਂ ਉਸ ਨੇ ਆਪਣੇ ਵਿਆਹ ਨੂੰ ਮੁਲਤਵੀ ਕਰ ਦਿੱਤਾ। ਅਫਸਾਨਾ ਨੇ ਕਿਹਾ, ‘ਨਵੰਬਰ ’ਚ ਮੇਰਾ ਵਿਆਹ ਸੀ ਪਰ ਸ਼ੋਅ ਲਈ ਮੈਂ ਉਸ ਨੂੰ ਛੱਡ ਕੇ ਆ ਗਈ ਹਾਂ, ਮੈਨੂੰ ਵਿਆਹ ਦਾ ਬਹੁਤ ਸ਼ੌਕ ਹੈ।’

ਇਸ ਤੋਂ ਬਾਅਦ ਉਸ ਨੇ ਸਲਮਾਨ ਨੂੰ ਉਸ ਦੀ ਲਵ ਲਾਈਫ ਬਾਰੇ ਗੱਲ ਕਰਦਿਆਂ ਕਿਹਾ, ‘ਤੁਸੀਂ ਕਿਵੇਂ ਰਹਿ ਲੈਂਦੇ ਹੋ ਪਿਆਰ ਤੇ ਵਿਆਹ ਤੋਂ ਬਿਨਾਂ, ਮੈਂ ਤਾਂ ਬੀਮਾਰ ਹੋ ਗਈ ਸੀ ਮੰਗੇਤਰ ਤੋਂ ਬਿਨਾਂ।’ ਅਫਸਾਨਾ ਦੀ ਇਸ ਗੱਲ ’ਤੇ ਹੱਸਦਿਆਂ ਸਲਮਾਨ ਨੇ ਕਿਹਾ ਕਿ ਉਨ੍ਹਾਂ ਦੇ ਮੰਗੇਤਰ ਹੁਣ ਖੁਸ਼ ਹੋਣਗੇ ਕਿ ਉਹ ‘ਬਿੱਗ ਬੌਸ 15’ ਦੇ ਘਰ ’ਚ ਹੋਵੇਗੀ। ਨਾਲ ਹੀ ਅਫਸਾਨਾ ਨੇ ਸਟੇਜ ’ਤੇ ਸਲਮਾਨ ਨਾਲ ਆਪਣੀ ਆਵਾਜ਼ ਦਾ ਜਾਦੂ ਵੀ ਬਿਖੇਰਿਆ।

ਦੱਸ ਦੇਈਏ ਕਿ ‘ਬਿੱਗ ਬੌਸ 15’ ’ਚ ਇਸ ਵਾਰ ਕਈ ਮਸ਼ਹੂਰ ਮੁਕਾਬਲੇਬਾਜ਼ ਸ਼ਾਮਲ ਹੋਏ ਹਨ, ਜਿਨ੍ਹਾਂ ’ਚ ਕਰਨ ਕੁੰਦਰਾ, ਅਕਾਸਾ ਸਿੰਘ, ਤੇਜਸਵੀ ਪ੍ਰਕਾਸ਼ ਤੇ ਜੈ ਭਾਨੂਸ਼ਾਲੀ ਵਰਗੇ ਨਾਂ ਸ਼ਾਮਲ ਹਨ।