ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਹੋਣ ਵਾਲੀਆਂ ਉਪ ਚੋਣਾਂ ’ਚ ਬੀ. ਜੇ. ਪੀ. ਦੀ ਸੀਟ ਤੋਂ ਚੋਣ ਲੜ ਸਕਦੀ ਹੈ। ਇਹ ਸੀਟ ਇਸ ਸਾਲ ਮਾਰਚ ’ਚ ਬੀ. ਜੇ. ਪੀ. ਸੰਸਦ ਮੈਂਬਰ ਰਾਮਸਵਰੂਪ ਸ਼ਰਮਾ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ।

ਬੀ. ਜੇ. ਪੀ. 30 ਅਕਤੂਬਰ ਨੂੰ ਹੋਣ ਵਾਲੀਆਂ ਉਪ ਚੋਣਾਂ ਲਈ ਚਾਰ ਵਿਧਾਨ ਸਭਾ ਸੀਟਾਂ ਸਣੇ ਮੰਡੀ ਲੋਕ ਸਭਾ ’ਚ ਆਪਣੇ ਉਮੀਦਵਾਰ ਫਾਈਨਲ ਕਰਨ ਲਈ ਧਰਮਸ਼ਾਲਾ ’ਚ ਬੈਠਕ ਕਰਨ ਵਾਲੀ ਹੈ।

ਮੀਡੀਆ ਰਿਪੋਰਟ ਅਨੁਸਾਰ ਕੰਗਨਾ ਨੇ ਖੁੱਲ੍ਹ ਕੇ ਚੋਣ ਲੜਨ ਦੀ ਇੱਛਾ ਜ਼ਾਹਿਰ ਨਹੀਂ ਕੀਤੀ ਹੈ। ਉਥੇ ਬੀ. ਜੇ. ਪੀ. ਦੇ ਸੀਨੀਅਰ ਆਗੂ ਨੇ ਵੀ ਉਮੀਦਵਾਰਾਂ ਨੂੰ ਲੈ ਕੇ ਇਕ ਦੌਰ ਦੀ ਚਰਚਾ ਕਰ ਲਈ ਹੈ ਪਰ ਪਾਰਟੀ ਦਾ ਇਕ ਧੜਾ ਕੰਗਨਾ ਰਣੌਤ ਨੂੰ ਟਿਕਟ ਦੇਣ ਦੇ ਪੱਖ ’ਚ ਹੈ।

ਦੱਸਣਯੋਗ ਹੈ ਕਿ ਕੰਗਨਾ ਰਣੌਤ ਮੰਡੀ ਜ਼ਿਲ੍ਹੇ ਦੇ ਭਾਂਬਲ ਪਿੰਡ ਤੋਂ ਹੈ ਤੇ ਹਾਲ ਹੀ ’ਚ ਉਸ ਨੇ ਮਨਾਲੀ ’ਚ ਆਪਣਾ ਨਵਾਂ ਘਰ ਬਣਾਇਆ ਹੈ। ਇਹ ਵੀ ਮੰਡੀ ਸੰਸਦੀ ਖੇਤਰ ’ਚ ਹੀ ਆਉਂਦਾ ਹੈ।