ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲਿਆਂ 12ਵੀਂ ਜਮਾਤ ਦੀਆਂ ਤਿੰਨ ਇਤਿਹਾਸ ਦੀਆਂ ਪੁਸਤਕਾਂ ‘ਤੇ ਪਾਬੰਦੀ ਲਗਾ ਦਿਤੀ ਗਈ ਹੈ। ਇਹ ਫੈਸਲਾ ਪੰਜਾਬ ਸਰਕਾਰ ਵਲੋਂ ਲਿਆ ਗਿਆ ਹੈ। ਦੱਸ ਦੇਈਏ ਕਿ ਸਿੱਖ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ ਧਰਨਾ ਲਗਾਇਆ ਗਿਆ ਸੀ ਅਤੇ ਇਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ।

ਦੱਸਣਯੋਗ ਹੈ ਕਿ ਉਕਤ ਕਿਤਾਬਾਂ ਵਿਚ ਸਿੱਖ ਗੁਰੂ ਸਾਹਿਬਾਨ ਅਤੇ ਮਹਾਨ ਸਿੱਖਾਂ ਦੇ ਪ੍ਰਤੀ ਗ਼ਲਤ ਸ਼ਬਦਾਵਲੀ ਵਰਤੀ ਗਈ ਹੈ, ਜਿਸ ਦੇ ਰੋਸ ਵਜੋਂ ਲੰਬੇ ਸਮੇਂ ਤੋਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਵੱਲੋਂ ਸਿੱਖਿਆ ਬੋਰਡ ਦੇ ਬਾਹਰ ਧਰਨਾ ਲਾਇਆ ਹੋਇਆ ਹੈ। ਇਸ ਸਬੰਧੀ ਇੱਕ ਰਿਪੋਰਟ ਵੀ ਮੰਗੀ ਗਈ ਸੀ ਜਿਸ ਦੇ ਮੱਦੇਨਜ਼ਰ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਵੱਲੋਂ ਇਨ੍ਹਾਂ ਪੁਸਤਕਾਂ ਨੂੰ ਲੈ ਕੇ ਜਾਂਚ ਬਿਠਾਈ ਗਈ ਸੀ।

ਪੜਤਾਲੀਆ ਅਧਿਕਾਰੀਆਂ ਵਲੋਂ ਸੌਂਪੀ ਗਈ ਰਿਪੋਰਟ ਤੋਂ ਬਾਅਦ ਤਿੰਨ ਪਾਠ ਪੁਸਤਕਾਂ ਨੂੰ 12ਵੀਂ ਜਮਾਤ ਦੇ ਸਿਲੇਬਸ ਵਿੱਚ ਪੜ੍ਹਾਏ ਜਾਣ ‘ਤੇ ਮੁਕੰਮਲ ਤੌਰ ‘ਤੇ ਰੋਕ ਲਾਈ ਗਈ ਹੈ ਅਤੇ ਉਨ੍ਹਾਂ ਦੇ ਲੇਖਕਾਂ ਤੇ ਪ੍ਰਕਾਸ਼ਕਾਂ ਖ਼ਿਲਾਫ਼ ਕਾਰਵਾਈ ਕਰਨ ਲਈ ਸਿਫ਼ਾਰਿਸ਼ ਵੀ ਕੀਤੀ ਗਈ ਹੈ। ਭਾਵੇਂ ਕਿ ਇਹ ਪੁਸਤਕਾਂ ‘ਤੇ ਰੋਕ ਲਗਾ ਦਿਤੀ ਗਈ ਹੈ ਪਰ ਸਿੱਖਿਆ ਬੋਰਡ ਦੇ ਬਾਹਰ ਲੱਗਾ ਧਰਨਾ ਅਜੇ ਵੀ ਜਾਰੀ ਹੈ।

ਦੱਸ ਦੇਈਏ ਕਿ ਸੂਬਾ ਸਰਕਾਰ ਨੇ ਵੀ ਸਹਿਮਤੀ ਪ੍ਰਗਾਈ ਹੈ ਕਿ ਉਕਤ ਕਿਤਾਬਾਂ ਵਿਚ ਜਾਣਕਾਰੀ ਸਹੀ ਨਹੀਂ ਹੈ ਇਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਜਿਸ ਦੇ ਚਲਦੇ ਇਨ੍ਹਾਂ ਦੀ ਵਿਕਰੀ ਆਦਿ ‘ਤੇ ਪੂਰਨ ਤੌਰ ‘ਤੇ ਰੋਕ ਲਗਾ ਦਿਤੀ ਗਈ ਹੈ। ਬੋਰਡ ਮੁਖੀ ਨੇ ਦੱਸਿਆ ਕਿ ਇਨ੍ਹਾਂ ਹੁਕਮਾਂ ਬਾਰੇ NCRT ਦੇ ਡਾਇਰੈਕਟਰ ਸਮੇਤ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਵੀ ਜਾਣੂ ਕਰਵਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਮਾਮਲੇ ਵਿਚ ‘ਇਤਿਹਾਸ ਬਚਾਓ ਸਿੱਖੀ ਬਚਾਓ’ ਮੋਰਚਾ ਵੀ ਲਗਾਇਆ ਗਿਆ ਸੀ ਅਤੇ ਇਨ੍ਹਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਦੇ ਚਲਦੇ ਹੁਣ ਸਰਕਾਰ ਨੇ ਇਨ੍ਹਾਂ ਤਿੰਨ ਕਿਤਾਬਾਂ ‘ਤੇ ਪਾਬੰਦੀ ਲਗਾ ਦਿਤੀ ਹੈ।