ਫਿਲੌਰ – ਇਕ ਔਰਤ ਨੇ ਪੁਲਸ ਥਾਣੇ ’ਚ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਉਸ ਦੇ ਪਤੀ ਦਾ ਚਰਿੱਤਰ ਬੇਹੱਦ ਗੰਦਾ ਹੈ। ਉਸ ਤੋਂ ਇਲਾਵਾ ਉਹ ਉਸ ਦੀ ਪਿੱਠ ਪਿੱਛੇ 2 ਹੋਰ ਔਰਤਾਂ ਨਾਲ ਵਿਆਹ ਰਚਾ ਚੁੱਕਾ ਹੈ ਅਤੇ 5 ਹੋਰਨਾਂ ਔਰਤਾਂ ਨਾਲ ਉਸ ਦੇ ਨਾਜਾਇਜ਼ ਸੰਬੰਧ ਹਨ, ਜਿਸ ਦੇ ਉਸ ਦੇ ਕੋਲ ਪੁਖ਼ਤਾ ਸਬੂਤ ਹਨ। ਪੁਲਸ ਨੇ ਪਤਨੀ ਦੀ ਸ਼ਿਕਾਇਤ ’ਤੇ ਤੀਜੀ ਪਤਨੀ ਨੂੰ ਵੀ ਥਾਣੇ ਬੁਲਾਇਆ, ਜਿੱਥੇ ਦੋਵਾਂ ਦੀ ਜੰਮ ਕੇ ਬਹਿਸਬਾਜ਼ੀ ਹੋਈ।

ਸਥਾਨਕ ਪੁਲਸ ਥਾਣੇ ’ਚ ਸ਼ਿਕਾਇਤ ਦੇਣ ਤੋਂ ਬਾਅਦ ਪੱਤਰਕਾਰ ਸਮਾਗਮ ਕਰਕੇ ਸ਼ਹਿਰ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਸ ਦਾ ਵਿਆਹ ਸਾਲ 2012 ਵਿਚ ਹੁਸ਼ਿਆਰਪੁਰ ਦੇ ਰਹਿਣ ਵਾਲੇ ਚੰਦਨ ਨਾਲ ਹੋਇਆ, ਜਿਸ ਦੇ ਦੋ ਬੱਚੇ ਵੱਡਾ ਲੜਕਾ 9 ਸਾਲ ਅਤੇ ਛੋਟੀ ਬੇਟੀ ਡੇਢ ਸਾਲ ਦੀ ਹੈ। ਵਿਆਹ ਤੋਂ ਦੋ ਹਫ਼ਤੇ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਦਾ ਉਸ ਦੇ ਨਾਲ ਦੂਜਾ ਵਿਆਹ ਹੈ।
ਉਸ ਦਾ ਪਹਿਲਾ ਵਿਆਹ ਹੁਸ਼ਿਆਰਪੁਰ ਦੀ ਇਕ ਕੁੜੀ ਨਾਲ ਹੋਇਆ ਸੀ, ਜਿਸ ਨੂੰ ਕੁਝ ਰੁਪਏ ਦੇ ਕੇ ਉਸ ਨਾਲ ਪੰਚਾਇਤੀ ਤਲਾਕ ਲੈ ਕੇ ਧੋਖੇ ਨਾਲ ਉਸ ਨਾਲ ਦੂਜਾ ਵਿਆਹ ਉਸ ਦੇ ਪਰਿਵਾਰ ਵਾਲਿਆਂ ਨੂੰ ਬਿਨਾਂ ਕੁਝ ਦੱਸੇ ਕਰ ਲਿਆ। ਉਸ ਨੇ ਪਤੀ ਦੇ ਇਕ ਝੂਠ ਨੂੰ ਕਿਸੇ ਤਰ੍ਹਾਂ ਸਹਿਣ ਕਰ ਲਿਆ। ਵਿਆਹ ਤੋਂ ਦੋ ਮਹੀਨੇ ਬਾਅਦ ਉਸ ਦਾ ਪਤੀ ਕੰਮ ਸਬੰਧੀ ਦੁਬਈ ਚਲਾ ਗਿਆ, ਜਿੱਥੋਂ ਆਮ ਕਰਕੇ ਉਹ ਕੁਝ ਮਹੀਨੇ ਦੀਆਂ ਛੁੱਟੀਆਂ ਲੈ ਕੇ ਘਰ ਆ ਜਾਂਦਾ ਸੀ।

ਸ਼ਿਕਾਇਤਕਰਤਾ ਔਰਤ ਨੇ ਦੱਸਿਆ ਕਿ ਉਸ ਨੂੰ ਆਪਣੇ ਪਤੀ ਦੇ ਚਰਿੱਤਰ ’ਤੇ ਜਦੋਂ ਵੀ ਉਹ ਵਾਪਸ ਆਉਂਦਾ ਸ਼ੱਕ ਹੁੰਦਾ। ਇਕ ਦਿਨ ਉਸ ਦੇ ਹੱਥ ਉਸ ਦੇ ਪਤੀ ਚੰਦਨ ਦਾ ਦੂਜਾ ਫੋਨ ਲੱਗ ਗਿਆ, ਜੋ ਉਸ ਨੇ ਉਸ ਤੋਂ ਲੁਕੋ ਕੇ ਰੱਖਿਆ ਹੋਇਆ ਸੀ। ਫੋਨ ਚੈੱਕ ਕਰਨ ’ਤੇ ਪਤਾ ਲੱਗਾ ਕਿ ਉਸ ਦੇ ਪਤੀ ਦੇ 5 ਹੋਰ ਔਰਤਾਂ ਨਾਲ ਨਾਜਾਇਜ਼ ਜਿਸਮਾਨੀ ਸੰਬੰਧ ਬਣਾਉਣ ਦੀ ਉਸ ਨੇ ਆਪਣੀਆਂ ਅੱਖਾਂ ਨਾਲ ਵੀਡੀਓ ਫਿਲਮਾਂ ਅਤੇ ਤਸਵੀਰਾਂ ਵੇਖ ਲਈਆਂ, ਜਿਸ ਤੋਂ ਬਾਅਦ ਉਨ੍ਹਾਂ ਦਾ ਘਰ ਵਿਚ ਝਗੜਾ ਰਹਿਣ ਲੱਗ ਗਿਆ, ਜਿਸ ਵਿਚ ਉਸ ਦਾ ਸਾਥ ਉਸ ਦੀ ਸੱਸ, ਸਹੁਰਾ ਅਤੇ ਦਿਓਰ ਨੇ ਵੀ ਦਿੱਤਾ। ਪਤੀ ਨੇ ਉਸ ਤੋਂ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਉਹ ਉਸ ਨੂੰ ਇਕ ਵਾਰ ਮੁਆਫ਼ ਕਰ ਦੇਵੇ, ਉਹ ਅੱਗੇ ਤੋਂ ਕਦੇ ਕਿਸੇ ਔਰਤ ਵੱਲ ਵੇਖੇਗਾ ਵੀ ਨਹੀਂ। ਆਪਣੇ ਛੋਟੇ ਬੱਚਿਆਂ ਨੂੰ ਵੇਖਦੇ ਹੋਏ ਉਹ ਆਪਣੇ ਪਤੀ ਦੇ ਝਾਂਸੇ ’ਚ ਆ ਗਈ ਅਤੇ ਸਮਝੌਤਾ ਕਰ ਲਿਆ।

4-5 ਮਹੀਨੇ ਪਹਿਲਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਦਾ ਦੁਬਈ ’ਚ ਬਠਿੰਡਾ ਦੀ ਰਹਿਣ ਵਾਲੀ ਅਰਜੀਨਾ ਉਰਫ਼ ਮਾਹੀ ਨਾਂ ਦੀ ਕੁੜੀ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਹੈ। ਉਹ ਕੁੜੀ ਉਸ ਨੂੰ ਦੁਬਈ ਵਿਚ ਮਿਲੀ ਸੀ, ਜਿਸ ਨਾਲ ਉਹ ਚੰਦਨ ਤੋਂ ਸਾਜਨ ਬਣ ਕੇ ਪਿਆਰ ਦੇ ਝੂਟੇ ਲੈ ਰਿਹਾ ਸੀ। ਉਸ ਨੇ ਕਿਸੇ ਤਰ੍ਹਾਂ ਕੁੜੀ ਮਾਹੀ ਦਾ ਫੋਨ ਨੰਬਰ ਲੈ ਕੇ ਉਸ ਨੂੰ ਆਪਣੇ ਪਤੀ ਦੀਆਂ ਹਰਕਤਾਂ ਸਬੰਧੀ ਅਤੇ ਆਪਣੇ ਬੱਚਿਆਂ ਸਬੰਧੀ ਸਭ ਕੁਝ ਦੱਸ ਦਿੱਤਾ। ਕੁੜੀ ਨੇ ਉਸ ਨੂੰ ਯਕੀਨ ਦਿਵਾਇਆ ਕਿ ਉਹ ਉਸ ਨੂੰ ਛੱਡ ਦੇਵੇਗੀ ਪਰ ਅਜਿਹਾ ਨਹੀਂ ਹੋਇਆ। ਕੁੜੀ ਮਾਹੀ ਦੁਬਈ ਤੋਂ ਵਾਪਸ ਪੰਜਾਬ ਆ ਗਈ। ਇਸੇ ਸਾਲ 19 ਫਰਵਰੀ ਨੂੰ ਉਸ ਦਾ ਪਤੀ ਚੰਦਨ ਵੀ ਆ ਗਿਆ। ਦੋਵਾਂ ਨੇ ਅੰਮ੍ਰਿਤਸਰ ਜਾ ਕੇ ਵਿਆਹ ਰਚਾ ਲਿਆ ਅਤੇ ਕੁੜੀ ਮਾਹੀ ਨੇ ਆਪਣੀ ਮਾਂਗ ਭਰ ਕੇ ਹੱਥਾਂ ’ਚ ਚੂੜਾ ਵੀ ਪਾ ਲਿਆ।

ਔਰਤ ਨੇ ਦੱਸਿਆ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਨੇ ਕੁੜੀ ਮਾਹੀ ਨਾਲ ਤੀਜਾ ਵਿਆਹ ਰਚਾ ਲਿਆ ਤਾਂ ਉਨ੍ਹਾਂ ਦਾ ਘਰ ’ਚ ਝਗੜਾ ਹੋ ਗਿਆ। ਉਸ ਦੇ ਪਤੀ ਨੇ ਮਾਹੀ ਨਾਲ ਮਿਲ ਕੇ ਉਸ ਨੂੰ ਰਸਤੇ ਤੋਂ ਹਟਾਉਣ ਦੀ ਯੋਜਨਾ ਬਣਾ ਲਈ ਅਤੇ ਇਕ ਰਾਤ ਉਸ ਦਾ ਗਲਾ ਘੁੱਟ ਕੇ ਜਾਨੋਂ ਮਾਰਨ ਦਾ ਯਤਨ ਕੀਤਾ। ਉਹ ਕਿਸੇ ਤਰ੍ਹਾਂ ਬਚ ਗਈ। ਉਸ ਨੇ ਤੁਰੰਤ 181 ’ਤੇ ਫੋਨ ਕਰਕੇ ਪੁਲਸ ਨੂੰ ਸੂਚਿਤ ਕੀਤਾ, ਜਿਸ ’ਤੇ ਪੁਲਸ ਉਸ ਦੇ ਪਤੀ ਨੂੰ ਫੜ ਕੇ ਥਾਣੇ ਲੈ ਗਈ, ਜਿੱਥੇ ਬਾਕਾਇਦਾ ਉਸ ਦੇ ਪਤੀ ਨੇ ਲਿਖਤੀ ਵਿਚ ਹਲਫੀਆ ਬਿਆਨ ਦਿੰਦੇ ਹੋਏ ਉਸ ਨੂੰ ਯਕੀਨ ਦਿਵਾਇਆ ਕਿ ਹੁਣ ਉਹ ਕਿਸੇ ਹੋਰ ਔਰਤ ਨਾਲ ਚੱਕਰ ਨਹੀਂ ਚਲਾਵੇਗਾ। ਅਜਿਹਾ ਹੋਣ ’ਤੇ ਉਸ ਖ਼ਿਲਾਫ਼ ਕਾਰਵਾਈ ਕਰੇ ਪਰ ਉਸ ਦਾ ਪਤੀ ਆਪਣੇ ਚਰਿੱਤਰ ਨੂੰ ਨਹੀਂ ਬਦਲ ਸਕਿਆ।

ਔਰਤ ਦੀ ਸ਼ਿਕਾਇਤ ’ਤੇ ਫਿਲੌਰ ਪੁਲਸ ਨੇ ਉਸ ਔਰਤ ਮਾਹੀ ਨੂੰ ਥਾਣੇ ਬੁਲਾਇਆ। ਪਤਨੀ ਨੇ ਥਾਣੇ ਵਿਚ ਉਸ ਨੂੰ ਖ਼ੂਬ ਖ਼ਰੀਆਂ-ਖੋਟੀਆਂ ਸੁਣਾਈਆਂ ਕਿ ਉਸ ਨੇ ਉਸ ਦੇ ਪਤੀ ਨਾਲ ਤੀਜਾ ਵਿਆਹ ਕਿਵੇਂ ਰਚਾ ਲਿਆ। ਸਥਾਨਕ ਪੁਲਸ ਨੇ ਮਾਹੀ ਨੂੰ ਚਿਤਾਵਨੀ ਦਿੰਦੇ ਹੋਏ ਘਰ ਭੇਜਿਆ ਕਿ ਉਹ 27 ਅਪ੍ਰੈਲ ਨੂੰ ਆਪਣੇ ਮਾਤਾ-ਪਿਤਾ ਅਤੇ ਹੋਰ ਕਿਸੇ ਪਤਵੰਤੇ ਨੂੰ ਨਾਲ ਲੈ ਕੇ ਮੁੜ ਆਵੇ ਅਤੇ ਪੀੜਤ ਔਰਤ ਨੂੰ ਯਕੀਨ ਦਿਵਾਏ ਕਿ ਉਹ ਉਸ ਦੇ ਪਤੀ ਦੇ ਨਾਲ ਨਹੀਂ ਰਹੇਗੀ। ਦੂਜਾ ਉਹ ਖ਼ੁਦ ਪੁਲਸ ਕੋਲ ਵੀ ਉਸ ਦੇ ਪਤੀ ਵਿਰੁੱਧ ਧੋਖਾ ਦੇਣ ਦੀ ਸ਼ਿਕਾਇਤ ਦਰਜ ਕਰਵਾਏ। ਜੇਕਰ ਉਹ ਅਜਿਹਾ ਨਹੀਂ ਕਰਦੀ ਤਾਂ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਪਤਨੀ ਨੇ ਕਿਹਾ ਕਿ ਉਹ ਹੁਣ ਆਪਣੇ ਪਤੀ ਦੇ ਝਾਂਸੇ ਵਿਚ ਨਹੀਂ ਆਵੇਗੀ। ਉਹ ਖ਼ੁਦ ਆਪਣੇ ਪਤੀ ਵਿਰੁੱਧ ਸਖ਼ਤ ਕਾਰਵਾਈ ਕਰਵਾਏਗੀ।