ਨੂਰਪੁਰਬੇਦੀ : 20 ਸਾਲਾ ਕੁਆਰੀ ਕੁੜੀ ਵੱਲੋਂ ਬੱਚੀ ਨੂੰ ਜਨਮ ਦੇਣ ਦੇ ਮਾਮਲੇ ਵਿਚ ਸਥਾਨਕ ਪੁਲਸ ਨੇ ਪੀੜਤਾ ਦੇ ਪਿਤਾ ਦੀ ਸ਼ਿਕਾਇਤ ’ਤੇ ਬਲਾਕ ਦੇ ਇਕ ਪਿੰਡ ਦੇ ਸਾਬਕਾ ਸਰਪੰਚ ਖ਼ਿਲਾਫ਼ ਜਬਰ-ਜ਼ਿਨਾਹ ਦਾ ਮੁਕੱਦਮਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਉਕਤ ਲੜਕੀ ਵੱਲੋਂ 19 ਅਪ੍ਰੈਲ ਨੂੰ ਬੱਚੀ ਨੂੰ ਜਨਮ ਦੇਣ ਤੋਂ ਬਾਅਦ 21 ਅਪ੍ਰੈਲ ਨੂੰ ਹਾਲਤ ਵਿਗੜਨ ਕਾਰਨ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਦਾਖਲ ਹੋਣ ’ਤੇ ਉਕਤ ਮਾਮਲਾ ਸਾਹਮਣੇ ਆਇਆ ਸੀ। ਜਿਸ ਸਬੰਧੀ ਸਿਹਤ ਅਧਿਕਾਰੀਆਂ ਵੱਲੋਂ ਪੁਲਸ ਨੂੰ ਇਸਦੀ ਜਾਣਕਾਰੀ ਦੇਣ ਉਪਰੰਤ ਅੱਜ ਪੁਲਸ ਨੇ ਹਸਪਤਾਲ ਵਿਖੇ ਪਹੁੰਚ ਕੇ ਲੜਕੀ ਦੀ ਹਾਜ਼ਰੀ ’ਚ ਉਸਦੇ ਪਿਤਾ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸਦੇ 6 ਬੱਚੇ ਹਨ ਅਤੇ ਉਸਦੀ ਪਤਨੀ ਦੀ ਮੌਤ ਹੋ ਚੁੱਕੀ ਹੈ।

ਉਹ ਬੀਤੇ 6 ਸਾਲਾਂ ਤੋਂ ਨਜ਼ਦੀਕੀ ਇਕ ਪਿੰਡ ’ਚ ਕਿਰਾਏ ਦੇ ਮਕਾਨ ’ਚ ਰਹਿ ਰਿਹਾ ਸੀ ਪਰ ਕੁਝ ਕੰਮ ਪੈ ਜਾਣ ਕਾਰਨ ਕਰੀਬ 6 ਕੁ ਮਹੀਨੇ ਤੋਂ ਉਹ ਜਲੰਧਰ ਨੇੜੇ ਪੈਂਦੇ ਇਕ ਪਿੰਡ ’ਚ ਰਹਿ ਰਿਹਾ ਸੀ। ਇਸ ਤੋਂ ਪਿੱਛੋਂ ਉਸਦਾ ਵੱਡਾ ਲੜਕਾ ਜੋ ਦਿਮਾਗ ਤੋਂ ਕੁਝ ਸਿੱਧਾ ਹੈ ਹੀ ਬੱਚਿਆਂ ਦੀ ਦੇਖਭਾਲ ਕਰਦਾ ਸੀ। ਉਸ ਨੇ ਬਿਆਨਾਂ ’ਚ ਦੱਸਿਆ ਕਿ ਪੁਲਸ ਵੱਲੋਂ ਫੋਨ ਕਰਨ ’ਤੇ ਪਤਾ ਚੱਲਿਆ ਕਿ ਉਸਦੀ ਕੁਆਰੀ ਧੀ ਜਿਸਦੀ ਉਮਰ ਕਰੀਬ 20 ਸਾਲ ਹੈ ਨੇ ਇਕ ਬੱਚੀ ਨੂੰ ਜਨਮ ਦਿੱਤਾ ਹੈ।

ਅੱਜ ਜਦੋਂ ਉਸਨੇ ਹਸਪਤਾਲ ਵਿਖੇ ਪਹੁੰਚ ਕੇ ਆਪਣੀ ਧੀ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਜਿਸ ਵਿਅਕਤੀ ਨੇ ਉਨ੍ਹਾਂ ਨੂੰ ਉਕਤ ਕਮਰਾ ਕਿਰਾਏ ’ਤੇ ਲੈ ਕੇ ਦਿੱਤਾ ਸੀ ਨੇ ਹੀ ਉਸ ਨਾਲ ਕਈ ਵਾਰ ਜ਼ਬਰਦਸਤੀ ਕੀਤੀ ਜਿਸ ਦੇ ਸਿੱਟੇ ਵਜੋਂ ਗਰਭਵਤੀ ਹੋਣ ’ਤੇ ਉਸਨੇ ਉਕਤ ਬੱਚੀ ਨੂੰ ਜਨਮ ਦਿੱਤਾ। ਪੁਲਸ ਨੇ ਉਕਤ ਬਿਆਨਾਂ ’ਤੇ ਨੇੜੇ ਪਿੰਡ ਦੇ ਇਕ ਸਾਬਕਾ ਸਰਪੰਚ ਖ਼ਿਲਾਫ ਜਬਰ-ਜ਼ਿਨਾਹ ਦੇ ਦੋਸ਼ ਹੇਠ ਆਈ.ਪੀ.ਸੀ. ਦੀ ਧਾਰਾ 376 ਤਹਿਤ ਮਾਮਲਾ ਦਰਜ ਕਰਕੇ ਫਰਾਰ ਹੋਏ ਕਥਿਤ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।