ਕਮਰਸਰ ਕਾਲੋਨੀ ਵਿਚ ਹੋਈ ਫਾਇਰਿੰਗ ਦੇ ਮਾਮਲੇ ਵਿਚ ਥਾਣਾ ਟਿੱਬਾ ਦੀ ਪੁਲਸ ਨੇ 2 ਹੋਰ ਮੁਲਜ਼ਮਾਂ ਨੂੰ ਦਬੋਚ ਲਿਆ ਹੈ। ਫੜੇ ਗਏ ਮੁਲਜ਼ਮ ਬੋਬੀ ਸ਼ਰਮਾ ਅਤੇ ਪੰਕਜ ਸ਼ਰਮਾ ਹੈ, ਜਿਨ੍ਹਾਂ ਨੂੰ ਪੁਲਸ ਨੇ ਅਦਾਲਤ ਪੇਸ਼ ਕੀਤਾ, ਜਿਥੇ ਉਨ੍ਹਾਂ ਨੂੰ ਚਾਰ ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ। ਇਹ ਬਦਮਾਸ਼ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਦੱਸੇ ਜਾ ਰਿਹਾ ਹਨ ਭਾਵੇਂ ਕਿ ਪੁਲਸ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਹੀ ਹੈ।

ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਫਾਇਰਿੰਗ ਦੇ ਮਾਮਲੇ ’ਚ ਪਹਿਲਾਂ ਦੀਪਕ ਅਤੇ ਅਰਮਾਨ ਨੂੰ ਫੜ ਲਿਆ ਸੀ। ਜੋ ਕਿ ਸੋਮਵਾਰ ਤੱਕ ਪੁਲਸ ਰਿਮਾਂਡ ’ਤੇ ਚੱਲ ਰਹੇ ਸਨ। ਉਨ੍ਹਾਂ ਤੋਂ ਪੁੱਛਗਿੱਛ ਕਰਕੇ ਹੁਣ ਬੋਬੀ ਪੰਡਤ ਅਤੇ ਪੰਕਜ ਸ਼ਰਮਾ ਨੂੰ ਕਾਬੂ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਤੋਂ ਹੁਣ ਕੁਝ ਬਰਾਮਦ ਨਹੀਂ ਹੋਇਆ ਹੈ ਪਰ ਫਾਇਰਿੰਗ ਦੀ ਗੱਲ ਮੁਲਜ਼ਮਾਂ ਨੇ ਕਬੂਲ ਕੀਤੀ ਹੈ। ਉਨ੍ਹਾਂ ਤੋਂ ਪੁੱਛਗਿੱਛ ਕਰ ਕੇ ਹੋਰ ਮੁਲਜ਼ਮਾਂ ਤੱਕ ਪਹੁੰਚਿਆ ਜਾਵੇਗਾ। ਉਨ੍ਹਾਂ ਦੇ ਫੜੇ ਜਾਣ ਬਾਅਦ ਹੀ ਵਾਰਦਾਤ ’ਚ ਇਸਤੇਮਾਲ ਹਥਿਆਰਾਂ ਦਾ ਪਤਾ ਲੱਗਾ ਸਕੇਗਾ। ਫਿਲਹਾਲ ਇਹੀ ਸਾਹਮਣੇ ਆਇਆ ਹੈ ਕਿ ਗੈਂਗਸਟਰ ਅਜੇ ਪੰਡਤ ਦੇ ਭਰਾ ਰਾਜਨ ਨੇ ਮੁਲਜ਼ਮਾਂ ਨੂੰ ਹਥਿਆਰ ਉਪਲੱਬਧ ਕਰਵਾਇਆ ਸੀ।

ਇਥੇ ਦੱਸ ਦੇਈਏ ਕਮਰਸਰ ਕਾਲੋਨੀ ਵਿਚ ਕੁਝ ਨੌਜਵਾਨ ਹੁੱਲੜਬਾਜ਼ੀ ਕਰ ਰਹੇ ਸਨ, ਜਦੋਂ ਇਲਾਕੇ ਦੇ ਲੋਕਾਂ ਨੇ ਮਨ੍ਹਾ ਕੀਤਾ ਤਾਂ ਨੌਜਵਾਨਾਂ ਨੇ ਪਹਿਲਾਂ ਗਾਲੀ-ਗਲੋਚ ਕੀਤੀ ਫਿਰ ਗੋਲੀਆਂ ਚਲਾ ਦਿੱਤੀਆਂ ਸੀ, ਜਿਸ ’ਚ 2 ਲੋਕ ਜ਼ਖਮੀ ਹੋ ਗਏ ਸੀ। ਇਸ ਮਾਮਲੇ ’ਚ ਥਾਣਾ ਟਿੱਬਾ ਦੀ ਪੁਲਸ ਨੇ ਚੇਤਨ, ਪੰਕਜ ਰਾਜਪੂਤ, ਦੀਪ, ਰਾਜਨ ਸ਼ਰਮਾ, ਪ੍ਰਕਾਸ਼, ਤੇਜੀ ਪੰਡਤ, ਲਾਡੀ ਸ਼ੇਰਗਿੱਲ ਅਤੇ ਉਨ੍ਹਾਂ ਦੇ ਸਾਥੀਆਂ ’ਤੇ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ।