ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਇਕ ਹੋਰ ਗੀਤ ਰਾਹੀਂ ਵਿਵਾਦਾਂ ਵਿਚ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਵਿਚ ਫਿਰ ਤੋਂ ਵੱਧ ਗਈਆਂ ਹਨ। ਦੋ ਸਾਲ ਪਹਿਲਾਂ ਧਨੌਲਾ ਥਾਣਾ ਵਿਚ ਦਰਜ ਹੋਏ ਅਸਲਾ ਐਕਟ ਮਾਮਲੇ ਦੀ ਫਾਈਲ ਪੁਲਸ ਨੇ ਫਿਰ ਤੋਂ ਖੋਲ੍ਹ ਦਿੱਤੀ ਹੈ। ਦਰਅਸਲ ਥਾਣਾ ਧਨੌਲਾ ਵਿਖੇ 4 ਮਈ 2020 ਨੂੰ ਲਾਕਡਾਊਨ ਦਾ ਉਲੰਘਣ ਕਰਨ ਅਤੇ ਪਿੰਡ ਬਡਵਰ ਦੀ ਰਾਈਫਲ ਰੇਂਜ ਵਿਚ ਬਿਨਾਂ ਮਨਜ਼ੂਰੀ ਦੇ ਫਾਇਰਿੰਗ ਕਰਨ ਦੇ ਦੋਸ਼ ਵਿਚ ਸਿੱਧੂ ਮੂਸੇਵਾਲਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।

ਇਸਦੇ ਨਾਲ ਨਾਲ ਇਸ ਕੇਸ ਵਿਚ ਕਰਮ ਸਿੰਘ ਲਹਿਲ, ਇੰਦਰ ਸਿੰਘ ਗਰੇਵਾਲ, ਡੀ. ਐੱਸ. ਪੀ ਦੇ ਪੁੱਤਰ ਜਗਸ਼ੇਰ ਸਿੰਘ, ਥਾਣੇਦਾਰ ਬਲਕਾਰ ਸਿੰਘ, ਸਿਪਾਹੀ ਬਲਵੀਰ ਸਿੰਘ, ਸਿਪਾਹੀ ਹਰਵਿੰਦਰ ਸਿੰਘ, ਹੌਲਦਾਰ ਗੁਰਜਿੰਦਰ ਸਿੰਘ ’ਤੇ ਵੀ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ ਇਕ ਵੀਡੀਓ ਵਾਇਰਲ ਹੋਣ ’ਤੇ ਦਰਜ ਕੀਤਾ ਗਿਆ ਸੀ। ਸਿੱਧੂ ਮੂਸੇਵਾਲੇ ’ਤੇ ਕੇਸ ਦਰਜ ਹੋਣ ਮਗਰੋਂ ਇਹ ਮਾਮਲਾ ਬਹੁਤ ਚਰਚਾ ਵਿਚ ਆਇਆ ਸੀ ਪਰ ਸਿਆਸੀ ਸ਼ਹਿ ਕਾਰਣ ਉਸ ਸਮੇਂ ਪੁਲਸ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਸੀ।

ਇਸ ਦੌਰਾਨ ਸਿੱਧੂ ਮੂਸੇਵਾਲਾ ਨੇ ਕਾਂਗਰਸ ਦੀ ਟਿਕਟ ਤੋਂ ਮਾਨਸਾ ਹਲਕਾ ਵਿਧਾਨ ਸਭਾ ਤੋਂ ਚੋਣ ਲੜੀ ਸੀ ਪਰ ਉਹ ‘ਆਪ’ ਦੇ ਉਮੀਦਵਾਰ ਤੋਂ ਚੋਣ ਹਾਰ ਗਏ ਸਨ ਅਤੇ ਪੰਜਾਬ ਵਿਚ ਸਰਕਾਰ ‘ਆਪ’ ਦੀ ਆ ਗਈ ਅਤੇ ਹੁਣ ਪੁਲਸ ਨੇ ਇਸ ਕੇਸ ਨੂੰ ਫਿਰ ਤੋਂ ਖੋਲ੍ਹ ਲਿਆ ਹੈ। ਇਸ ਸਬੰਧੀ ਜਦੋਂ ਐੱਸ. ਪੀ. ਡੀ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੇਸ ਦੀ ਫਾਈਲ ਤਾਂ ਪਹਿਲਾਂ ਹੀ ਖੁੱਲ੍ਹੀ ਹੋਈ ਸੀ | ਹਰ ਮਹੀਨੇ ਇਸ ਮਾਮਲੇ ਦੀ ਰਿਪੋਰਟ ਉਚ ਅਧਿਕਾਰੀਆਂ ਨੂੰ ਭੇਜੀ ਜਾਂਦੀ ਹੈ। ਪੁਲਸ ਇਸ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰ ਰਹੀ ਹੈ।