ਸਥਾਨਕ ਕਸਬੇ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਤਤਲੇ ਵਿਖੇ ਇਕ ਘਰ ਵਿਚ ਭੁਲੇਖੇ ਨਾਲ ਜ਼ਹਿਰੀਲੀ ਦਵਾਈ ਪੀ ਲੈਣ ਨਾਲ ਸਕੇ ਭੈਣ-ਭਰਾ ਦੀ ਮੌਤ ਹੋਣ ਦੀ ਦੁਖ਼ਦ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਨਪ੍ਰੀਤ ਕੌਰ (9) ਅਤੇ ਜਗਰੂਪ ਸਿੰਘ (6) 14 ਮਾਰਚ ਨੂੰ ਸਕੂਲ ਤੋਂ ਘਰ ਵਾਪਸ ਆਏ ਸਨ। ਭੁੱਖ ਲੱਗੀ ਹੋਣ ਕਾਰਨ ਇਨ੍ਹਾਂ ਬੱਚਿਆਂ ਨੇ ਗਲਤੀ ਨਾਲ ਘਰ ਵਿਚ ਪਈ ਜ਼ਹਿਰੀਲੀ ਦਵਾਈ ਨੂੰ ਸਰਬਤ ਸਮਝ ਕੇ ਪੀ ਲਿਆ, ਜਿਸ ਕਾਰਨ ਉਨ੍ਹਾਂ ਦੀ ਹਾਲਤ ਵਿਗੜ ਗਈ।

ਹਾਲਤ ਖ਼ਰਾਬ ਹੋਣ ’ਤੇ ਦੋਵਾਂ ਬੱਚਿਆਂ ਨੂੰ ਤੁਰੰਤ ਭਿੱਖੀਵਿੰਡ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਦਵਾਈ ਦਾ ਅਸਰ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ। ਫਿਰ ਗੁਰੂ ਰਾਮਦਾਸ ਹਸਪਤਾਲ ਲਿਜਾਇਆ ਗਿਆ, ਜਿੱਥੇ ਮੁੰਡਾ ਜਗਰੂਪ ਸਿੰਘ (6) ਦੀ 20 ਮਾਰਚ ਨੂੰ ਮੌਤ ਹੋ ਗਈ ਸੀ। ਇਸ ਦੌਰਾਨ ਕੁੜੀ ਨੂੰ ਗੰਭੀਰ ਹਾਲਾਤ ਵਿਚ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਬੀਤੀ ਰਾਤ ਮਨਪ੍ਰੀਤ ਕੌਰ (9) ਦੀ ਮੌਤ ਹੋ ਗਈ।

ਦੂਜੇ ਪਾਸੇ ਇਸ ਸਦਮੇ ਨੂੰ ਨਾ ਸਹਾਰਦੇ ਹੋਏ ਮ੍ਰਿਤਕ ਬੱਚਿਆਂ ਦੀ ਮਾਂ ਲਖਵਿੰਦਰ ਕੌਰ ਨੇ ਵੀ ਜ਼ਹਿਰੀਲੀ ਦਵਾਈ ਪੀ ਲਈ, ਜੋ ਇਸ ਸਮੇਂ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਉਸ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਖ਼ਬਰ ਲਿਖੇ ਜਾਣ ਤੱਕ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।